ਆਈਐਨਐਸ ਅਰਿਹੰਤ ਦੀ ਤਾਕਤ ਤੋਂ ਸੁਚੇਤ ਰਹਿਣ ਦੁਸ਼ਮਣ : ਮੋਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਿਹੰਤ ਦੀ ਟੀਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਦੇਸ਼ ਦੇ ਦੁਸ਼ਮਣਾਂ ਲਈ ਚੁਣੌਤੀ ਦੱਸਿਆ।

Ins Arihant

ਨਵੀਂ ਦਿੱਲੀ, ( ਭਾਸ਼ਾ ) : ਮਹਾਂਸਾਗਰ ਵਿਚ ਅਪਣੀ ਪਹਿਲੀ ਪੈਟਰੋਲਿੰਗ ਤੋਂ ਬਾਅਦ ਐਟਮੀ ਹਥਿਆਰ ਨਾਲ ਲੈਸ ਪਣਡੁੱਬੀ ਆਈਐਨਐਸ ਦੇਸ਼ ਵਾਪਸ ਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਿਹੰਤ ਦੀ ਟੀਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਦੇਸ਼ ਦੇ ਦੁਸ਼ਮਣਾਂ ਲਈ ਚੁਣੌਤੀ ਦੱਸਿਆ। ਇਸ ਦੇ ਨਾਲ ਹੀ ਭਾਰਤੀ ਫ਼ੌਜ ਹੁਣ ਜਮੀਨ, ਮਹਾਂਸਾਗਰ ਅਤੇ ਹਵਾ ਵਿਚ ਐਟਮੀ ਹਮਲੇ ਦਾ ਜਵਾਬ ਦੇਣ ਦੀ ਸਮਰਥਾ ਨਾਲ ਲੈਸ ਹੋ ਗਈ ਹੈ। ਪੀਐਮ ਮੋਦੀ ਨੇ ਅਰਿਹੰਤ ਦੀ ਟੀਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਹਾਡੀ ਇਹ ਮੁਹਿੰਮ ਸੁਰੱਖਿਆ ਲਈ ਤੱਪਸਿਆ ਹੈ।

ਅਹਿਰੰਤ ਦਾ ਅਰਥ ਹੈ ਦੁਸ਼ਮਣਾਂ ਨੂੰ ਬਰਬਾਦ ਕਰ ਦੇਣਾ। ਇਹ ਦੇਸ਼ ਦੀ ਸੁਰੱਖਿਆ ਲਈ ਵੱਡੀ ਉਪਲਬਧੀ ਤੇ ਇਕ ਵੱਡਾ ਕਦਮ ਹੈ। ਮੋਦੀ ਨੇ ਕਿਹਾ ਕਿ ਅਰਿਹੰਤ ਭਾਰਤ ਦੇ ਦੁਸ਼ਮਣਾਂ ਲਈ ਖੁੱਲੀ ਚਿਤਾਵਨੀ ਹੈ ਕਿ ਭਾਰਤ ਵਿਰੁਧ ਕੋਈ ਵੀ ਹਿੰਮਤ ਨਾ ਕਰੇ। ਸਾਰਾ ਭਾਰਤ ਅਰਿਹੰਤ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਮਯਾਬੀ ਨੂੰ ਭਾਰਤ ਨੇ ਅਪਣੀ ਹਿੰਮਤ ਨਾਲ ਹਾਸਲ ਕੀਤਾ ਹੈ। ਭਾਰਤ ਸ਼ਾਂਤੀਪੂਰਨ ਦੇਸ਼ ਹੈ। ਇਸ ਸਾਡੀ ਕਮਜ਼ੋਰੀ ਨਹੀਂ ਸਗੋਂ ਸਾਡੀ ਸ਼ਕਤੀ ਹੈ। ਭਾਰਤ ਕਿਸੇ ਨੂੰ ਨਹੀਂ ਛੇੜਦਾ ਪਰ ਭਾਰਤ ਨੂੰ ਕੋਈ ਛੇੜ ਦੇਵੇ ਤਾਂ ਇਹ ਉਸ ਨੂੰ ਛੱਡਦਾ ਨਹੀਂ ਹੈ।

ਆਈਐਨਐਸ ਅਰਿਹੰਤ ਦੇ ਫ਼ੌਜ ਵਿਚ ਸ਼ਾਮਲ ਹੋਣ ਨਾਲ ਭਾਰਤ ਹੁਣ ਤਿਹਰੇ ਐਟਮੀ ਹਮਲੇ ਦਾ ਜਵਾਬ ਦੇ ਸਕਦਾ ਹੈ। ਜ਼ਮੀਨ ਤੇ ਅਗਨੀ ਮਿਜ਼ਾਈਲ, ਹਵਾ ਵਿਚ ਲੜਾਕੂ ਜਹਾਜ ਅਤੇ ਪਾਣੀ ਵਿਚ ਅਰਿਹੰਤ ਰਾਹੀ ਭਾਰਤ ਐਟਮੀ ਹਮਲਿਆਂ ਦਾ ਜਵਾਬ ਆਸਾਨੀ ਨਾਲ ਦੇ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਆਈਐਨਐਸ ਅਰਿਹੰਤ ਦੇ ਕਾਰਨ ਪਰਮਾਣੂ ਟ੍ਰਾਈਡ ਹਾਸਲ ਕਰਦੇ ਹੋਏ ਕੁਲੀਨ ਦੇਸ਼ਾਂ ਨਾਲ ਖੜਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਅਰਿਹੰਤ ਦੀ ਸਫਲ ਪੈਟਰੋਲਿੰਗ ਲਈ ਸਾਰੇ ਕਰੂ ਮੈਂਬਰਾਂ ਨੂੰ ਵਧਾਈ ਦਿਤੀ। ਪੀਐਮ ਨੇ ਕਿਹਾ ਕਿ ਭਾਰਤ ਦਾ ਪਰਮਾਣੂ ਟ੍ਰਾਈਡ ਬਹੁਤ ਇਤਿਹਾਸਕ ਹੈ

ਕਿਉਂਕ ਇਹ ਦੁਨੀਆ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਮਹੱਤਵਪੂਰਨ ਸਾਬਤ ਹੋਵੇਗਾ। ਧਨਤੇਰਸ ਦੇ ਮੌਕੇ ਤੇ ਦੇਸ਼ਵਾਸੀਆਂ ਨੂੰ ਇਸ ਦੀ ਸੂਚਨਾ ਦਿੰਦੇ ਹੋਏ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਅੱਜ ਧਨਤੇਰਸ ਖਾਸ ਬਣ ਗਿਆ ਹੈ, ਭਾਰਤ ਦਾ ਮਾਣ, ਐਟਮੀ ਹਥਿਆਰਾਂ ਨਾਲ ਲੈਸ ਅਰਿਹੰਤ ਨੇ ਅਪਣਾ ਪਹਿਲਾ ਪੈਟਰੋਲ ਪੂਰਾ ਕਰ ਲਿਆ ਹੈ, ਮੈਂ ਸਾਰੇ ਕਰੂ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ।

ਚੀਨ ਅਤੇ ਪਾਕਿਸਤਾਨ ਨੂੰ ਮੁਖ ਰੱਖਦੇ ਹੋਏ ਸੁਰੱਖਿਆ ਦੀ ਜ਼ਰੂਰਤਾਂ ਤੇ ਜ਼ੋਰ ਦਿੰਦੇ ਹੋਏ ਪੀਐਮ ਨੇ ਕਿਹਾ ਕਿ ਅਜ ਦੇ ਯੁਗ ਵਿਚ ਐਟਮੀ ਨਿਵਾਰਣ ਸਮੇਂ ਦੀ ਮੰਗ ਹੈ। ਇਸ ਤੋਂ ਭਾਵ ਇਹ ਹੈ ਕਿ ਅਸੀ ਐਟਮੀ ਹਥਿਆਰ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ ਪਰ ਅਜਿਹੀ ਸਥਿਤੀ ਵਿਚ ਵਰਤੋਂ ਕੀਤੀ ਜਾ ਸਕਦੀ ਹੈ ਜਦ ਕੋਈ ਦੂਜਾ ਦੇਸ਼ ਉਸ ਤੇ ਹਮਲਾ ਕਰੇ।