ਪੂਰਬੀ ਲੱਦਾਖ 'ਚ ਸਰਹੱਦ 'ਤੇ ਚੀਨ ਨਾਲ 7 ਮਹੀਨੇ ਤੋਂ ਜਾਰੀ ਹੈ ਤਣਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਸ਼ਾਂਤੀ ਪਸੰਦ ਦੇਸ਼, ਮਤਭੇਦ ਵਿਵਾਦ 'ਚ ਤਬਦੀਲ ਨਹੀਂ ਹੋਣੇ ਚਾਹੀਦੇ: ਰਾਜਨਾਥ

image

ਨੈਸ਼ਨਲ ਡਿਫੈਂਸ ਕਾਲਜ ਵਲੋਂ ਕਰਵਾਏ ਡਿਜੀਟਲ ਸੈਮੀਨਾਰ ਨੂੰ ਕੀਤਾ ਸੰਬੋਧਨ



ਨਵੀਂ ਦਿੱਲੀ, 5 ਨਵੰਬਰ: ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਕਿਹਾ ਕਿ ਭਾਰਤ ਅਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਇਕਪਾਸੜਵਾਦ ਅਤੇ ਹਮਲੇ ਤੋਂ ਬਚਾਉਣ ਲਈ ਵਚਨਬੱਧ ਹੈ। ਰਾਜਨਾਥ ਸਿੰਘ ਦਾ ਇਹ ਬਿਆਨ ਪੂਰਬੀ ਲੱਦਾਖ 'ਚ ਸਰਹੱਦ 'ਤੇ ਚੀਨ ਨਾਲ 7 ਮਹੀਨੇ ਤੋਂ ਜਾਰੀ ਤਣਾਅ ਵਿਚਕਾਰ ਆਇਆ ਹੈ।


ਰਖਿਆ ਮੰਤਰੀ ਨੇ ਦਸਿਆ ਕਿ ਭਾਰਤ ਗੱਲਬਾਤ ਰਾਹੀਂ ਮਤਭੇਦਾਂ ਦੇ ਸ਼ਾਂਤੀਪੂਰਨ ਹੱਲ ਨੂੰ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਹੱਦ 'ਤੇ ਸ਼ਾਂਤੀ ਕਾਇਮ ਰੱਖਣ ਨਾਲ ਜੁੜੇ ਵੱਖ-ਵੱਖ ਸਮਝੌਤਿਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ।
ਨੈਸ਼ਨਲ ਡਿਫੈਂਸ ਕਾਲਜ ਵਲੋਂ ਕਰਵਾਏ ਇਕ ਡਿਜੀਟਲ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਹਾਲਾਂਕਿ ਭਾਰਤ ਅਪਣੀ ਇਕਸਾਰਤਾ ਅਤੇ ਹਮਲੇ ਤੋਂ ਅਪਣੇ ਖੇਤਰੀ ਅਖੰਡਤਾ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਸ਼ਾਂਤੀ ਪਸੰਦ ਦੇਸ਼ ਹੈ ਅਤੇ ਮੰਨਦਾ ਹੈ ਕਿ ਮਤਭੇਦ, ਵਿਵਾਦ 'ਚ ਤਬਦੀਲ ਨਹੀਂ ਹੋਣੇ ਚਾਹੀਦੇ।

image


ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੀ ਸ਼ੁਰੂਆਤ 6 ਮਈ ਨੂੰ ਹੋਈ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਪ੍ਰਭਾਵਤ ਹੋਏ ਹਨ। ਦੋਵੇਂ ਪੱਖ ਤਣਾਅ ਨੂੰ ਦੂਰ ਕਰਨ ਲਈ ਕੂਟਨੀਤਕ ਅਤੇ ਸੈਨਿਕ ਪੱਧਰ 'ਤੇ ਕਈ ਦੌਰ ਦੀ ਗੱਲਬਾਤ ਕਰ ਚੁੱਕੇ ਹਨ। ਹੁਣ ਤਕ ਤਣਾਅ ਦਾ ਹੱਲ ਨਹੀਂ ਨਿਕਲਿਆ ਹੈ। ਭਾਰਤ ਅਤੇ ਚੀਨ ਵਿਚਾਲੇ 8ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸ਼ੁਕਰਵਾਰ ਨੂੰ ਹੋਣ ਦੀ ਉਮੀਦ ਹੈ।
ਰਾਜਨਾਥ ਨੇ ਅਪਣੇ ਸੰਬੋਧਨ ਵਿਚ ਭਾਰਤ ਦੀ ਫ਼ੌਜੀ ਸ਼ਕਤੀ ਵਧਾਉਣ ਅਤੇ ਰਖਿਆ ਖੇਤਰ ਦੇ ਸਾਜ਼ੋ-ਸਾਮਾਨ ਦਾ ਘਰੇਲੂ ਪੱਧਰ 'ਤੇ ਉਤਪਾਦਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ।


ਰਖਿਆ ਮੰਤਰੀ ਰਾਜਨਾਥ  ਸਿੰਘ ਨੇ ਕਿਹਾ ਕਿ ਜੰਗ ਨੂੰ ਰੋਕਣ ਦੀ ਪ੍ਰਤੀਰੋਧੀ ਸਮਰੱਥਾ ਹਾਸਲ ਕਰ ਕੇ ਹੀ ਸ਼ਾਂਤੀ ਯਕੀਨੀ ਕੀਤੀ ਜਾ ਸਕਦੀ ਹੈ। ਰਖਿਆ ਮੰਤਰੀ ਨੇ ਪਾਕਿਸਤਾਨ ਬਾਰੇ ਕਿਹਾ ਕਿ ਉਹ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਇਰਾਦਾ ਰੱਖਦਾ ਹੈ। (ਏਜੰਸੀ)