ਕੋਰੋਨਾ ਖਿਲਾਫ਼ ਵੱਡੀ ਸਫ਼ਲਤਾ, ਬ੍ਰਿਟੇਨ 'ਚ 'ਮਰਕ' ਗੋਲੀ ਦੀ ਵਰਤੋਂ ਨੂੰ ਮਿਲੀ ਮਨਜ਼ੂਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੋਰੋਨਾ ਸੰਕਰਮਿਤ ਲੋਕਾਂ ਨੂੰ ਇਸ ਗੋਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ

Merck's COVID-19 pill

 

ਨਵੀਂ ਦਿੱਲੀ -  ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ 'ਚ ਕੋਰੋਨਾ ਦਾ ਕਹਿਰ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕੋਰੋਨਾ ਨੂੰ ਖ਼ਤਮ ਕਰਨ ਲਈ ਸਾਰੀਆਂ ਦਵਾਈਆਂ ਅਤੇ ਟੀਕਿਆਂ ਦੇ ਨਿਰਮਾਣ ਦਾ ਕੰਮ ਵੀ ਚੱਲ ਰਿਹਾ ਹੈ। ਹੁਣ ਬ੍ਰਿਟੇਨ ਨੇ ਕੋਵਿਡ-19 ਦੇ ਸਫ਼ਲ ਇਲਾਜ 'ਚ ਮਦਦਗਾਰ ਮੰਨੀ ਜਾਂਦੀ ਦੁਨੀਆਂ ਦੀ ਪਹਿਲੀ ਐਂਟੀਵਾਇਰਲ ਗੋਲੀ ਦੀ ਸ਼ਰਤੀਆ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਬ੍ਰਿਟੇਨ ਹੀ ਅਜਿਹਾ ਦੇਸ਼ ਹੈ, ਜਿਸ ਨੇ ਇਸ ਗੋਲੀ ਨਾਲ ਇਲਾਜ ਨੂੰ ਉਚਿਤ ਮੰਨਿਆ ਹੈ। 

ਦੱਸ ਦਈਏ ਕਿ ਫਿਲਹਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੋਰੋਨਾ ਸੰਕਰਮਿਤ ਲੋਕਾਂ ਨੂੰ ਇਸ ਗੋਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚ ਇੱਕ ਅਜਿਹਾ ਕਾਰਕ ਦੇਖਿਆ ਗਿਆ ਹੈ ਜੋ ਸਥਿਤੀ ਨੂੰ ਗੰਭੀਰ ਬਣਾ ਸਕਦਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦੀ ਉਪਲੱਬਧ ਹੋਵੇਗੀ। ਦਵਾਈ ਨਿਰਮਾਤਾ ਕੰਪਨੀ 'ਮਰਕ' ਨੇ ਇਹ ਦਵਾਈ ਤਿਆਰ ਕੀਤੀ ਹੈ।

ਜਾਣਕਾਰੀ ਮੁਤਾਬਕ ਇਸ ਦਵਾਈ ਦਾ ਨਾਂ 'ਮੋਲਨੂਪੀਰਾਵੀਰ' ਹੈ। ਅਜਿਹੇ ਮਰੀਜ਼ ਜਿਨ੍ਹਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ, ਉਨ੍ਹਾਂ ਨੂੰ ਇਹ ਗੋਲੀ ਦਿਨ ਵਿਚ ਦੋ ਵਾਰ ਲੈਣੀ ਪਵੇਗੀ। ਇਹ ਐਂਟੀਵਾਇਰਲ ਗੋਲੀ ਕੋਰੋਨਾ ਦੇ ਲੱਛਣਾਂ ਨੂੰ ਘੱਟ ਕਰਦੀ ਹੈ ਅਤੇ ਤੇਜ਼ੀ ਨਾਲ ਠੀਕ ਹੋਣ ਵਿਚ ਮਦਦ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਕਾਸਸ਼ੀਲ ਦੇਸ਼ਾਂ ਵਿਚ ਕੋਰੋਨਾ ਤੋਂ ਵਿਗੜਦੇ ਹਾਲਾਤ ਅਤੇ ਹਸਪਤਾਲਾਂ 'ਤੇ ਬੋਝ ਨੂੰ ਘੱਟ ਕਰਨ ਲਈ ਸੰਕਰਮਣ ਨੂੰ ਰੋਕਣ ਵਿਚ ਮਦਦਗਾਰ ਹੋ ਸਕਦੀ ਹੈ।