ਕਾਨਪੁਰ 'ਚ ਜ਼ੀਕਾ ਵਾਇਰਸ ਦਾ ਪ੍ਰਕੋਪ ਜਾਰੀ, 30 ਹੋਰ ਲੋਕ ਸੰਕਰਮਿਤ, ਮਰੀਜ਼ਾਂ ਦੀ ਗਿਣਤੀ ਹੋਈ 66 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੇਂ ਸੰਕਰਮਿਤ ਲੋਕਾਂ ਵਿਚ 10 ਔਰਤਾਂ ਅਤੇ 20 ਆਦਮੀ ਹਨ।

Zika Virus

ਕਾਨਪੁਰ :  ਜ਼ੀਕਾ ਵਾਇਰਸ ਨੇ ਕਾਨਪੁਰ 'ਚ ਵੱਡਾ 'ਧਮਾਕਾ' ਕੀਤਾ ਹੈ। ਹੁਣ ਤੱਕ ਸਭ ਤੋਂ ਵੱਧ 30 ਸੰਕਰਮਿਤ ਪਾਏ ਗਏ ਹਨ। ਚਕੇਰੀ ਖੇਤਰ ਦੇ ਕੰਟੇਨਮੈਂਟ ਜ਼ੋਨ ਤੋਂ ਭੇਜੇ ਗਏ ਨਮੂਨੇ ਵਿਚ ਜ਼ੀਕਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਨਵੇਂ ਸੰਕਰਮਿਤ ਲੋਕਾਂ ਵਿਚ 10 ਔਰਤਾਂ ਅਤੇ 20 ਆਦਮੀ ਹਨ। ਇਸ ਨਾਲ ਜ਼ੀਕਾ ਸੰਕਰਮਿਤਾਂ ਦੀ ਕੁੱਲ ਗਿਣਤੀ 66 ਹੋ ਗਈ ਹੈ।

ਸਿਹਤ ਵਿਭਾਗ ਨੇ ਚਕੇਰੀ ਖੇਤਰ ਦੇ ਜ਼ੀਕਾ ਪ੍ਰਭਾਵਿਤ ਇਲਾਕਿਆਂ, ਹਰਜਿੰਦਰ ਨਗਰ, ਏਅਰ ਫੋਰਸ ਕੰਪਲੈਕਸ, ਪੋਖਰਪੁਰ, ਲਾਲਕੁਰਤੀ, ਮੋਤੀਨਗਰ, ਅਸ਼ਰਫ਼ਾਬਾਦ, ਆਦਰਸ਼ਨਗਰ ਆਦਿ ਤੋਂ ਨਮੂਨੇ ਭੇਜੇ ਸਨ। ਸੀਐਮਓ ਡਾ: ਨੇਪਾਲ ਸਿੰਘ ਨੇ ਦੱਸਿਆ ਕਿ 30 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚੋਂ 10 ਔਰਤਾਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਵਿਸਾਖ ਜੀ ਅਈਅਰ ਨੇ ਜ਼ੀਕਾ ਵਾਇਰਸ ਦੀ ਰੋਕਥਾਮ ਲਈ ਨੋਡਲ ਅਫ਼ਸਰ ਵੀ ਬਣਾਏ ਹਨ, ਜੋ ਕੇਸ ਹਿਸਟਰੀ ਦੀ ਨਿਗਰਾਨੀ ਕਰਕੇ ਇਸ ਦੀ ਨਿਗਰਾਨੀ ਕਰ ਰਹੇ ਹਨ।

ਜ਼ਿਲ੍ਹਾ ਮੈਜਿਸਟਰੇਟ ਵਿਸਾਖ ਜੀ. ਅਈਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਨਪੁਰ ਵਿਚ 30 ਹੋਰ ਲੋਕਾਂ ਵਿਚ ਜ਼ੀਕਾ ਵਾਇਰਸ ਦੀ ਲਾਗ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ ਬੀਤੀ 23 ਅਕਤੂਬਰ ਨੂੰ ਸਾਹਮਣੇ ਆਇਆ ਸੀ ਜਦੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਧਿਕਾਰੀ ਇਸ ਦੀ ਲਪੇਟ ਵਿਚ ਆਇਆ ਸੀ। ਉਦੋਂ ਤੋਂ ਇਹ ਗਿਣਤੀ ਵਧ ਕੇ 66 ਹੋ ਗਈ ਹੈ। ਹਵਾਈ ਸੈਨਾ ਕੇਂਦਰ ਦੇ ਆਸ-ਪਾਸ ਲੋਕਾਂ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਨੂੰ ਜਾਂਚ ਲਈ ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਭੇਜਿਆ ਗਿਆ ਸੀ।

ਅਈਅਰ ਨੇ ਦੱਸਿਆ ਕਿ ਜ਼ੀਕਾ ਵਾਇਰਸ ਨਾਲ ਸੰਕਰਮਿਤ ਲੋਕਾਂ ਵਿਚ 45 ਪੁਰਸ਼ ਅਤੇ 21 ਔਰਤਾਂ ਸ਼ਾਮਲ ਹਨ। ਇਹ ਵਾਇਰਸ ਮੱਛਰਾਂ ਦੁਆਰਾ ਫੈਲਦਾ ਹੈ। ਮੱਛਰਾਂ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਬੁਖ਼ਾਰ ਦੇ ਮਰੀਜ਼ਾਂ ਅਤੇ ਗੰਭੀਰ ਬਿਮਾਰ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਇਲਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਗਰਾਨੀ ਅਤੇ ਵਾਇਰਸ ਦੀ ਜਾਂਚ ਲਈ ਘਰ-ਘਰ ਜਾ ਕੇ ਸੈਂਪਲ ਲੈਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿਤੇ ਗਏ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਜ਼ੀਕਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਜਲਦੀ ਅਤੇ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿਤੇ ਹਨ।

ਦੱਸਣਯੋਗ ਹੈ ਕਿ ਜ਼ੀਕਾ ਵਾਇਰਸ ਹਵਾ ਦੁਆਰਾ ਅਤੇ ਮਰੀਜ਼ ਨੂੰ ਛੂਹਣ ਨਾਲ, ਉਸ ਦੇ ਨੇੜੇ ਬੈਠਣ ਨਾਲ ਨਹੀਂ ਫੈਲਦਾ। ਲਾਗ ਤਾਂ ਹੀ ਹੁੰਦੀ ਹੈ ਜੇਕਰ ਮੱਛਰ ਮਰੀਜ਼ ਨੂੰ ਕੱਟਦਾ ਹੈ ਅਤੇ ਫਿਰ ਕਿਸੇ ਹੋਰ ਵਿਅਕਤੀ ਨੂੰ ਕੱਟਦਾ ਹੈ। ਇਸ ਤੋਂ ਇਲਾਵਾ ਜ਼ੀਕਾ ਜਾਨਲੇਵਾ ਵੀ ਨਹੀਂ ਹੈ। 60 ਫ਼ੀ ਸਦੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਨਫੈਕਸ਼ਨ ਹੋ ਗਈ ਹੈ। ਲੱਛਣ ਉਦੋਂ ਹੀ ਸਾਹਮਣੇ ਆਉਂਦੇ ਹਨ ਜਦੋਂ ਵਾਇਰਲ ਲੋਡ ਵਧਦਾ ਹੈ। ਹੋਰ ਵਾਇਰਲ ਲਾਗਾਂ ਵਾਂਗ, ਜ਼ੀਕਾ ਉਹਨਾਂ ਲੋਕਾਂ ਵਿਚ ਪੁਰਾਣੀ ਬਿਮਾਰੀ ਦੀਆਂ ਪੇਚੀਦਗੀਆਂ ਨੂੰ ਵਧਾਏਗਾ ਜੋ ਪਹਿਲਾਂ ਹੀ ਇੱਕ ਗੰਭੀਰ ਬਿਮਾਰੀ ਦੀ ਪਕੜ ਵਿਚ ਹਨ। ਇਸ ਵਿਚ ਸਿਰਫ਼ ਬੁਖ਼ਾਰ ਦੀਆਂ ਦਵਾਈਆਂ ਹੀ ਕੰਮ ਕਰਦੀਆਂ ਹਨ। ਮਰੀਜ਼ 7 ਦਿਨਾਂ ਤੋਂ 14 ਦਿਨਾਂ ਵਿਚ ਠੀਕ ਹੋ ਜਾਂਦਾ ਹੈ।