ਅਧਿਆਪਕ ਵੱਲੋਂ ਸਾਰੀ ਕਲਾਸ ਨੂੰ ਸਜ਼ਾ ਦੇਣ ਦੌਰਾਨ ਇੱਕ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਲੜਕੀ ਦੀ ਮੌਤ
ਅਧਿਆਪਕ ਨੇ ਸਾਰੀ ਕਲਾਸ ਨੂੰ ਦਿੱਤੀ ਸਜ਼ਾ, ਇਸੇ ਦੌਰਾਨ ਇੱਕ ਲੜਕੀ ਦੀ ਮੌਤ
ਬੈਂਗਲੁਰੂ - ਇੱਥੇ ਇੱਕ ਨਿੱਜੀ ਪ੍ਰਾਇਮਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਕਥਿਤ ਤੌਰ 'ਤੇ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵਿਦਿਆਰਥਣ ਡਿੱਗ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਗੰਗਾਮਾਗੁੜੀ ਸਥਿਤ ਸਕੂਲ 'ਚ ਵਾਪਰੀ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ, “ਇੱਕ ਅਧਿਆਪਕ ਵੱਲੋਂ ਕਥਿਤ ਤੌਰ 'ਤੇ ਸਜ਼ਾ ਦੇਣ ਦੌਰਾਨ ਦੁਪਹਿਰ 1.30 ਵਜੇ ਦੇ ਕਰੀਬ ਇੱਕ ਲੜਕੀ ਆਪਣੇ ਕਲਾਸ ਰੂਮ ਵਿੱਚ ਡਿੱਗ ਗਈ। ਅਧਿਆਪਕਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਸਪਤਾਲ ਸਟਾਫ਼ ਨੇ ਕਿਹਾ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਲੜਕੀ ਦੀ ਮੌਤ ਹੋ ਚੁੱਕੀ ਸੀ।"
ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਇਸ ਘਟਨਾ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਲੈ ਕੇ ਲੜਕੀ ਦੇ ਘਰ ਪਹੁੰਚਾਇਆ। ਪੁਲਿਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਆਧਾਰ 'ਤੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।