ਗੋਲੀ ਲੱਗਣ ਕਰ ਕੇ ਮੈਂ ਡਿੱਗ ਗਿਆ, ਹਮਲਾਵਰਾਂ ਨੇ ਸੋਚਿਆ ਮੈਂ ਮਰ ਗਿਆ ਤੇ ਉਹ ਉਥੋਂ ਚਲੇ ਗਏ - ਇਮਰਾਨ ਖ਼ਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਮਰਾਨ ਖ਼ਾਨ ਨੇ ਹਸਪਤਾਲ ਵਿਚ ਅਪਣੀ ਜਾਨ ਬਚਾਉਣ ਵਾਲੇ ਲੜਕੇ ਨਾਲ ਵੀ ਗੱਲਬਾਤ ਕੀਤੀ

Imran Khan

 

ਲਾਹੌਰ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜਿਨ੍ਹਾਂ ਦੋ ਹਮਲਾਵਰਾਂ ਨੂੰ ਮੈਂ ਖ਼ੁਦ 'ਤੇ ਹਮਲਾ ਕਰਦੇ ਦੇਖਿਆ, ਜੇਕਰ ਉਨ੍ਹਾਂ ਨੇ ਇਕਸੁਰਤਾ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਮੈਂ ਜ਼ਿੰਦਾ ਨਾ ਹੁੰਦਾ। ਇਕ ਰਿਪੋਰਟ ਅਨੁਸਾਰ ਪੂਰਬੀ ਸ਼ਹਿਰ ਵਜ਼ੀਰਾਬਾਦ ਵਿਚ ਇੱਕ ਰੋਸ ਮਾਰਚ ਦੌਰਾਨ ਗੋਲੀ ਲੱਗਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਸੰਬੋਧਨ ਵਿਚ ਇਮਰਾਨ ਖਾਨ ਨੇ ਇੱਥੇ ਇੱਕ ਹਸਪਤਾਲ ਵਿਚ ਵ੍ਹੀਲਚੇਅਰ 'ਤੇ ਬੈਠ ਕੇ ਇਹ ਗੱਲ ਕਹੀ।

ਇਮਰਾਨ ਖ਼ਾਨ ਨੇ ਕਿਹਾ, "ਮੈਂ ਡਿੱਗ ਗਿਆ, ਹਮਲਾਵਰਾਂ ਵਿਚੋਂ ਇੱਕ ਨੇ ਸੋਚਿਆ ਕਿ ਮੈਂ ਮਰ ਗਿਆ ਹਾਂ, ਅਤੇ ਉਹ ਉਥੋਂ ਚਲੇ ਗਏ"।  ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਹਸਪਤਾਲ ਵਿਚ ਅਪਣੀ ਜਾਨ ਬਚਾਉਣ ਵਾਲੇ ਲੜਕੇ ਨਾਲ ਵੀ ਗੱਲਬਾਤ ਕੀਤੀ ਤੇ ਉਸ ਨੂੰ ਪਾਕਿਸਤਾਨ ਦਾ ਹੀਰੋ ਦੱਸਿਆ। ਓਧਰ ਇਮਰਾਨ ਖਾਨ 'ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ।

ਉਸ ਨੇ ਮੀਡੀਆ ਨੂੰ ਕਿਹਾ, "ਇਮਰਾਨ ਖਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਇਸ ਲਈ ਮੈਂ ਉਸ ਨੂੰ ਮਾਰਨ ਬਾਰੇ ਸੋਚਿਆ। ਉਹ ਈਸ਼ਨਿੰਦਾ ਕਰ ਰਿਹਾ ਹੈ, ਸੰਗੀਤ ਵਜਾ ਰਿਹਾ ਹੈ ਅਤੇ ਅਜ਼ਾਨ ਹੋਣ 'ਤੇ ਨੱਚ ਰਿਹਾ ਹੈ, ਮੈਂ ਸਿਰਫ਼ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਹਾਂ। ਮੈਂ ਉਸ ਨੂੰ ਨਹੀਂ ਛੱਡਾਂਗਾ। ਮੇਰੇ ਪਿੱਛੇ ਕੋਈ ਨਹੀਂ ਹੈ। ਮੈਂ ਇਕੱਲਾ ਹਾਂ।” ਗੋਲੀ ਚਲਾਉਣ ਵਾਲੇ ਵਿਅਕਤੀ ਨੂੰ 9 ਐਮਐਮ ਦੀ ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨਾਂ ਨਾਲ ਫੜਿਆ ਗਿਆ ਸੀ।