ਰਾਹੁਲ ਗਾਂਧੀ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੀ ਕੇਂਦਰ ਸਰਕਾਰ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਠਾਕੁਰ ਨੇ ਦੋਸ਼ ਲਾਇਆ ਕਿ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਉਦਯੋਗਪਤੀਆਂ ਨੂੰ ਜਨਤਕ ਖੇਤਰ ਦੇ ਅਦਾਰੇ ਇਕ ਪੈਸੇ ਦੀ ਕੀਮਤ 'ਤੇ ਵੇਚੇ ਜਾ ਰਹੇ ਹਨ

Modi government trying to break Rahul Gandhi's morale: Congress

 

ਮੇਦੀਨੀਨਗਰ: ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਾਂਗਰਸ ਦੇ ਵਧਦੇ ਆਧਾਰ ਤੋਂ ਘਬਰਾ ਕੇ ਪਾਰਟੀ ਆਗੂ ਰਾਹੁਲ ਗਾਂਧੀ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗੀ।

ਮੇਦੀਨੀਨਗਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕੁਰ ਨੇ ਕਿਹਾ ਕਿ ਉਹ 'ਭਾਰਤ ਜੋੜੋ ਯਾਤਰਾ' ਦੇ ਸਮਰਥਨ 'ਚ ਝਾਰਖੰਡ ਦੇ ਪਿੰਡਾਂ 'ਚ ਆਪਣੇ ਤਰੀਕੇ ਨਾਲ ਪਦਯਾਤਰਾ ਕਰ ਰਹੇ ਹਨ ਅਤੇ ਇਸ ਦੌਰਾਨ ਯਾਤਰਾ ਦੇ ਕਨਵੀਨਰ ਸੁਬੋਧਕਾਂਤ ਸਹਾਏ ਵੀ ਉਹਨਾਂ ਦੇ ਨਾਲ ਹਨ।

ਠਾਕੁਰ ਨੇ ਦੋਸ਼ ਲਾਇਆ ਕਿ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਉਦਯੋਗਪਤੀਆਂ ਨੂੰ ਜਨਤਕ ਖੇਤਰ ਦੇ ਅਦਾਰੇ ਇਕ ਪੈਸੇ ਦੀ ਕੀਮਤ 'ਤੇ ਵੇਚੇ ਜਾ ਰਹੇ ਹਨ ਤਾਂ ਜੋ ਚੋਣ ਰਾਜਨੀਤੀ ਵਿਚ ਉਹਨਾਂ ਕੋਲੋਂ ਚੰਦੇ ਦੇ ਰੂਪ ਵਿਚ ਮੋਟੀ ਰਕਮ ਲੈ ਕੇ ਵਿਰੋਧੀਆਂ ਨੂੰ ਮਾਤ ਦਿੱਤੀ ਜਾ ਸਕੇ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਗਠਜੋੜ ਵਿਚ ਦਰਾਰ ਪੈਦਾ ਕਰਨ ਵਿਚ ਨਾਕਾਮ ਰਹੀ ਕੇਂਦਰ ਸਰਕਾਰ ਹੁਣ ਜਾਂਚ ਏਜੰਸੀਆਂ ਦੀ ਮਦਦ ਨਾਲ ਸੂਬੇ ਵਿਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਇਸ ਵਿਚ ਵੀ ਸਫਲ ਨਹੀਂ ਹੋਵੇਗੀ।   ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ, ''ਝਾਰਖੰਡ 'ਚ ਫਿਰਕੂ ਤਾਕਤਾਂ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ। ਕਾਂਗਰਸ-ਜੇਐਮਐਮ ਸਰਕਾਰ ਕਿਸੇ ਤੀਜੀ ਸਿਆਸੀ ਤਾਕਤ ਦੀ ਮਦਦ ਨਹੀਂ ਲੈ ਰਹੀ ਹੈ। ਇਹ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ”।