Army Maternity Leave Rules: ਹਰ ਰੈਂਕ ਦੀਆਂ ਫ਼ੌਜਣਾਂ ਨੂੰ ਇਕਸਮਾਨ ਜਣੇਪਾ ਛੁੱਟੀ ਵਾਲੇ ਮਤੇ ਨੂੰ ਰਖਿਆ ਮੰਤਰੀ ਦੀ ਮਨਜ਼ੂਰੀ
ਇਹ ਨਿਯਮ ਜਾਰੀ ਹੋਣ ਨਾਲ ਫ਼ੌਜ ਵਿਚ ਸਾਰੀਆਂ ਔਰਤਾਂ ਨੂੰ ਛੁੱਟੀਆਂ ਬਰਾਬਰ ਮਿਲਣਗੀਆਂ
Army maternity leave rules for women soldiers, sailors, air warriors to be on par with officer counterparts: ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਫੌਜਣਾਂ ਨੂੰ ਬਰਾਬਰ ਜਣੇਪਾ, ਬੱਚੇ ਦੀ ਦੇਖਭਾਲ ਅਤੇ ਬੱਚੇ ਨੂੰ ਗੋਦ ਲੈਣ ਲਈ ਛੁੱਟੀ ਦੇਣ ਦੇ ਮਤੇ ਨੂੰ ਮਨਜ਼ੂਰੀ ਦੇ ਦਿਤੀ ਹੈ।
ਰਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਹ ਫ਼ੈਸਲਾ ਹਥਿਆਰਬੰਦ ਫ਼ੌਜਾਂ ਵਿਚ ਹਰ ਰੈਂਕ ’ਤੇ ਔਰਤਾਂ ਦੀ ‘ਸਮੂਹਿਕ ਭਾਗੀਦਾਰੀ’ ਨੂੰ ਯਕੀਨੀ ਬਣਾਉਣ ਲਈ ਰਾਜਨਾਥ ਸਿੰਘ ਦੇ ਦ੍ਰਿਸ਼ਟੀਕੋਣ ਅਨੁਸਾਰ ਹੈ।
ਮੰਤਰਾਲੇ ਨੇ ਕਿਹਾ ਕਿ ਇਹ ਕਦਮ ਫ਼ੌਜ ਵਿਚ ਔਰਤਾਂ ਨੂੰ ਅਪਣੇ ਪੇਸ਼ੇਵਰ ਅਤੇ ਪਰਿਵਾਰਕ ਜੀਵਨ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਨ ਅਤੇ ਕੰਮ ਦੀਆਂ ਸਥਿਤੀਆਂ ਵਿਚ ਸੁਧਾਰ ਕਰਨ ਵਿਚ ਮਦਦ ਕਰੇਗਾ। ਮੰਤਰਾਲੇ ਨੇ ਕਿਹਾ, ‘‘ਰਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਫ਼ੋਰਸਾਂ ’ਚ ਫ਼ੌਜਣਾਂ, ਮਲਾਹਾਂ ਅਤੇ ਹਵਾਈ ਫ਼ੌਜਣਾਂ ਨੂੰ ਅਪਣੇ ਹਮਰੁਤਬਾ ਅਧਿਕਾਰੀਆਂ ਦੇ ਬਰਾਬਰ ਜਣੇਪਾ, ਬਾਲ ਦੇਖਭਾਲ ਅਤੇ ਬੱਚੇ ਨੂੰ ਗੋਦ ਲੈਣ ਦੀ ਛੁੱਟੀ ਦੇਣ ਦੇ ਨਿਯਮਾਂ ਨੂੰ ਲਾਗੂ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿਤੀ ਹੈ।’’ ਮੰਤਰਾਲੇ ਨੇ ਕਿਹਾ, ‘‘ਇਹ ਨਿਯਮ ਜਾਰੀ ਹੋਣ ਨਾਲ, ਫ਼ੌਜ ਵਿਚ ਸਾਰੀਆਂ ਔਰਤਾਂ ਨੂੰ ਇਹ ਛੁੱਟੀਆਂ ਬਰਾਬਰ ਮਿਲਣਗੀਆਂ, ਭਾਵੇਂ ਉਹ ਅਧਿਕਾਰੀ ਹੋਣ ਜਾਂ ਕਿਸੇ ਹੋਰ ਰੈਂਕ ਵਿਚ ਕੰਮ ਕਰ ਰਹੀਆਂ ਹੋਣ।’’
ਅਧਿਕਾਰੀਆਂ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਔਰਤ ਅਧਿਕਾਰੀਆਂ ਨੂੰ ਹਰ ਬੱਚੇ ਲਈ 180 ਦਿਨਾਂ ਦੀ ਜਣੇਪਾ ਛੁੱਟੀ ਮਿਲਦੀ ਹੈ। ਇਹ ਨਿਯਮ ਵੱਧ ਤੋਂ ਵੱਧ ਦੋ ਬੱਚਿਆਂ ’ਤੇ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਅਧਿਕਾਰੀਆਂ ਨੂੰ ਪੂਰੀ ਸੇਵਾ ਦੌਰਾਨ 360 ਦਿਨਾਂ ਦੀ ਬਾਲ ਸੰਭਾਲ ਛੁੱਟੀ ਮਿਲਦੀ ਹੈ। ਇਸ ਲਈ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲੈਣ ਦੀ ਮਿਤੀ ਤੋਂ ਬਾਅਦ 180 ਦਿਨਾਂ ਦੀ ਛੁੱਟੀ ਦਿਤੀ ਜਾਂਦੀ ਹੈ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਛੁੱਟੀ ਨਿਯਮਾਂ ਦਾ ਵਿਸਤਾਰ ਹਥਿਆਰਬੰਦ ਫ਼ੋਰਸਾਂ ’ਚ ਔਰਤਾਂ ਲਈ ਖਾਸ ਪਰਿਵਾਰਕ ਅਤੇ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ’ਚ ਮਦਦ ਕਰੇਗਾ।’’ ਮੰਤਰਾਲੇ ਨੇ ਕਿਹਾ ਕਿ ਤਿੰਨਾਂ ਫ਼ੌਜਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ‘ਨਾਰੀ ਸ਼ਕਤੀ’ ਦੀ ਵਰਤੋਂ ਕਰਨ ਦੀ ਵਚਨਬੱਧਤਾ ਦੇ ਅਨੁਸਾਰ ਔਰਤਾਂ ਨੂੰ ਫ਼ੌਜਣਾਂ, ਮਲਾਹਾਂ ਅਤੇ ਹਵਾਈ ਫੌਜੀਆਂ ਵਜੋਂ ਸ਼ਾਮਲ ਕਰ ਕੇ ਇਕ ਵੱਡੀ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ।
(For more news apart from Defense Minister Rajnath Singh Gave Equal Leave Rights To Women Soldiers, stay tuned to Rozana Spokesman).