Sandeep Dayma: ਗੁਰਦੁਆਰਿਆਂ ਖਿਲਾਫ਼ ਨਫ਼ਰਤੀ ਭਾਸ਼ਣ ਦੇਣ ਵਾਲੇ ਭਾਜਪਾ ਲੀਡਰ ਨੂੰ ਪਾਰਟੀ 'ਚੋਂ ਕੱਢਿਆ
ਭਾਜਪਾ ਨੇ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਰਾਜਸਥਾਨ - ਗੁਰਦੁਆਰਿਆਂ ਅਤੇ ਮਸਜਿਦਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਵਾਲੇ ਸੰਦੀਪ ਦਾਇਮਾ ਵਿਰੁੱਧ ਕਾਰਵਾਈ ਕੀਤੀ ਗਈ ਹੈ ਤੇ ਭਾਜਪਾ ਨੇ ਹੁਣ ਉਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਭਾਜਪਾ ਨੇ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਫਦ ਵਲੋਂ ਗੁਰਦੁਆਰਿਆਂ ਅਤੇ ਮਸਜਿਦਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਲਈ ਸੰਦੀਪ ਦਾਇਮਾ ਤੇ ਜਲਦ ਤੋਂ ਜਲਦ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਚੰਡੀਗੜ੍ਹ ਵਿਖੇ ਸੈਕਟਰ 39 ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਇਸ ਮੌਕੇ ਪੰਜਾਬ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਜੈਇੰਦਰ ਕੌਰ, ਓਬੀਸੀ ਮੋਰਚੇ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਸੂਬੇ ਦੇ ਸਕੱਤਰ ਕੰਵਰਵੀਰ ਸਿੰਘ ਟੌਹੜਾ, ਪ੍ਰਿਤਪਾਲ ਸਿੰਘ ਬਲੀਏਵਾਲ, ਹਰਨੀਤ ਸਿੰਘ ਓਬਰਾਏ (ਸੂਬਾ ਕੋ-ਕਨਵੀਨਰ ਭਾਜਪਾ ਲੀਗਲ ਸੈੱਲ ਪੰਜਾਬ) ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਆਗੂ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਤੋਂ ਹੀ ਪੂਰੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਸਿਆਸਤ ਵੀ ਪੂਰੀ ਤਰ੍ਹਾਂ ਭਖੀ ਹੋਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਿਆਸੀ ਆਗੂਆਂ ਨੇ ਸੰਦੀਪ ਦਾਇਮਾ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੰਦੀਪ ਦਾਇਮਾ ਨੇ ਰਾਜਸਥਾਨ ਵਿਚ ਰੈਲੀ ਦੌਰਾਨ ਕਿਹਾ ਸੀ ਕਿ, “ਕੁੱਝ ਲੋਕ ਧਰਮ ਅਤੇ ਜਾਤੀਆਂ ਦੇ ਨਾਂ ‘ਤੇ ਸਾਨੂੰ ਵੰਡਣਾ ਚਾਹੁੰਦੇ ਹਨ, ਸਾਨੂੰ ਬਹੁਤ ਸਮਝ ਕੇ ਰਹਿਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ,“ਜਿਸ ਤਰ੍ਹਾਂ ਮਸਜਿਦਾਂ ਅਤੇ ਗੁਰਦੁਆਰੇ ਬਣਾ ਕੇ ਛੱਡੇ ਦਿਤੇ ਗਏ ਹਨ, ਉਹ ਅੱਗੇ ਜਾ ਕੇ ਨਾਸੂਰ ਬਣ ਜਾਣਗੇ। ਇਸ ਲਈ ਸਾਡਾ ਸਾਰਿਆਂ ਦਾ ਧਰਮ ਵੀ ਬਣਦਾ ਹੈ ਕਿ ਇਥੋਂ ਨਾਸੂਰ ਨੂੰ ਉਖਾੜ ਕੇ ਸੁੱਟ ਦਿਤਾ ਜਾਵੇ।”
ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੰਦੀਪ ਦਾਇਮਾ ਨੇ ਆਪਣੇ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਵੀਡੀਓ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਤੋਂ ਮੁਆਫੀ ਵੀ ਮੰਗ ਲਈ ਸੀ। ਦਾਇਮਾ ਨੇ ਵੀਰਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਇਸ ਮਾਮਲੇ 'ਚ ਜਨਤਕ ਤੌਰ 'ਤੇ ਮੁਆਫੀ ਮੰਗੀ ਸੀ, ਜਿਸ 'ਚ ਦਾਇਮਾ ਨੇ ਕਿਹਾ ਕਿ ਉਹ ਆਪਣੇ ਭਾਸ਼ਣ 'ਚ ਮਸਜਿਦ-ਮਦਰੱਸੇ ਦਾ ਜ਼ਿਕਰ ਕਰਨਾ ਚਾਹੁੰਦੇ ਸਨ ਪਰ ਉਹਨਾਂ ਦੀ ਜ਼ੁਬਾਨ ਫੁਸਲ ਗਈ ਤੇ ਕਿਸੇ ਤਰ੍ਹਾਂ ਉਨ੍ਹਾਂ ਨੇ ਗੁਰਦੁਆਰਾ ਕਹਿ ਦਿੱਤਾ। ਵੀਡੀਓ 'ਚ ਉਸ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਮੈਂ ਇਹ ਗਲਤੀ ਕਿਵੇਂ ਕੀਤੀ। ਮੈਂ ਉਨ੍ਹਾਂ ਸਿੱਖਾਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਜੋ ਹਮੇਸ਼ਾ ਸਾਡੇ ਸਨਾਤਨ ਧਰਮ ਦੀ ਰੱਖਿਆ ਲਈ ਜਾਣੇ ਜਾਂਦੇ ਹਨ।