Haryana assembly elections ਦੌਰਾਨ ਬ੍ਰਾਜ਼ੀਲੀ ਲੜਕੀ ਨੇ ਕਈ ਵਾਰ ਪਾਈ ਸੀ ਵੋਟ : ਰਾਹੁਲ ਗਾਂਧੀ
ਬਿਹਾਰ ’ਚ ਬਹੁਤ ਸਾਰੇ ਵਿਅਕਤੀਆਂ ਦੇ ਵੋਟਰ ਸੂਚੀ ’ਚੋਂ ਕੱਟੇ ਜਾ ਚੁਕੇ ਹਨ ਨਾਮ
ਨਵੀਂ ਦਿੱਲੀ : ਕਾਂਗਰਸੀ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ ਵਿੱਚ ਵੋਟਰ ਤਸਦੀਕ ਦੇ ਮੁੱਦੇ ’ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਸਕਰੀਨ ’ਤੇ ਪੇਸ਼ਕਾਰੀ ਦਿੰਦੇ ਹੋਏ ਉਨ੍ਹਾਂ ਆਰੋਪ ਲਗਾਇਆ ਕਿ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 25 ਲੱਖ ਵੋਟਾਂ ਚੋਰੀ ਹੋਈਆਂ ਸਨ। ਰਾਹੁਲ ਨੇ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਇੱਕ ਵੀਡੀਓ ਦਿਖਾਇਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਦੋ ਦਿਨ ਬਾਅਦ ਮੁੱਖ ਮੰਤਰੀ ਨੇ ਇੱਕ ਬਾਈਟ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਸਿਸਟਮ ਦਾ ਜ਼ਿਕਰ ਕੀਤਾ। ਹੁਣ ਇਹ ਕੀ ਸਿਸਟਮ ਹੈ? ਨਤੀਜਿਆਂ ਤੋਂ ਬਾਅਦ ਪਤਾ ਲੱਗਾ ਕਿ ਕਾਂਗਰਸ ਪਾਰਟੀ ਹਰਿਆਣਾ ਵਿਧਾਨ ਸਭਾ ਵਿੱਚ ਚੋਣ ਹਾਰ ਗਈ।
ਰਾਹੁਲ ਗਾਂਧੀ ਨੇ ਆਰੋਪ ਲਗਾਇਆ ਕਿ ਜੋ ਹਰਿਆਣਾ ਵਿੱਚ ਹੋਇਆ ਉਹੀ ਕੁੱਝ ਹੁਣ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰ ਸੂਚੀ ਉਨ੍ਹਾਂ ਨੂੰ ਆਖਰੀ ਸਮੇਂ ’ਤੇ ਦਿੱਤੀ ਗਈ ਸੀ। ਉਨ੍ਹਾਂ ਬਿਹਾਰ ਦੇ ਪੰਜ ਵੋਟਰਾਂ ਨੂੰ ਸਟੇਜ ’ਤੇ ਵੀ ਬੁਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਮਿਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੂਰੇ ਪਰਿਵਾਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਮਿਟਾ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਿਹਾਰ ਵਿੱਚ ਵੀ ਲੱਖਾਂ ਲੋਕਾਂ ਦੇ ਨਾਮ ਮਿਟਾ ਦਿੱਤੇ ਗਏ ਹਨ।
ਰਾਹੁਲ ਨੇ ਇੱਕ ਬ੍ਰਾਜ਼ੀਲੀ ਕੁੜੀ ਦੀ ਤਸਵੀਰ ਵੀ ਦਿਖਾਈ। ਉਨ੍ਹਾਂ ਕਿਹਾ ਕਿ ਇਸ ਬ੍ਰਾਜ਼ੀਲੀ ਕੁੜੀ ਦਾ ਨਾਂ ਹਰਿਆਣਾ ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਬ੍ਰਾਜ਼ੀਲੀ ਕੁੜੀ ਕਦੇ ਸਵੀਟੀ, ਕਦੇ ਸੀਮਾ ਅਤੇ ਕਦੇ ਸਰਸਵਤੀ ਦੇ ਨਾਮ ਨਾਲ ਆਪਣੀ ਵੋਟ ਪਾਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਅਗਸਤ ਅਤੇ 18 ਸਤੰਬਰ ਨੂੰ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਰਾਹੁਲ ਨੇ18 ਸਤੰਬਰ ਨੂੰ 31 ਮਿੰਟ ਦੀ ਪ੍ਰੈਜੈਂਟੇਸ਼ਨ ’ਚ ਕਰਨਾਟਕ ਅਤੇ ਮਹਾਰਾਸ਼ਟਰ ’ਚ ਵੋਟਾਂ ਚੋਰੀ ਹੋਣ ਦਾ ਆਰੋਪ ਲਗਾਏ ਸਨ ਅਤੇ ਸਬੂਤ ਦਿਖਾਉਣ ਦਾ ਦਾਅਵਾ ਕੀਤਾ ਸੀ।