ਦੂਜਾ ਵਿਆਹ ਰਜਿਸਟਰ ਕਰਾਉਣ ਤੋਂ ਪਹਿਲਾਂ ਪਹਿਲੀ ਪਤਨੀ ਦੀ ਸਹਿਮਤੀ ਪੁੱਛੀ ਜਾਵੇ : ਕੇਰਲ ਹਾਈ ਕੋਰਟ
ਅਜਿਹੀ ਸਥਿਤੀ ਵਿਚ ਧਰਮ ਦੂਜੇ ਨੰਬਰ ਉਤੇ ਤੇ ਸੰਵਿਧਾਨਕ ਅਧਿਕਾਰ ਸਰਬਉੱਚ ਹਨ
ਕੋਚੀ : ਕੇਰਲ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੇਕਰ ਕੋਈ ਮੁਸਲਿਮ ਆਦਮੀ ਕੇਰਲ ਵਿਆਹ ਰਜਿਸਟਰੇਸ਼ਨ (ਕਾਮਨ) ਨਿਯਮ 2008 ਦੇ ਤਹਿਤ ਅਪਣਾ ਦੂਜਾ ਵਿਆਹ ਰਜਿਸਟਰ ਕਰਨਾ ਚਾਹੁੰਦਾ ਹੈ, ਜਦਕਿ ਉਸ ਦਾ ਪਹਿਲਾ ਵਿਆਹ ਅਜੇ ਵੀ ਮੌਜੂਦ ਹੈ ਤਾਂ ਉਸ ਦੀ ਪਹਿਲੀ ਪਤਨੀ ਨੂੰ ਵੀ ਸੁਣਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਲਈ ਸਹਿਮਤ ਹੈ ਜਾਂ ਨਹੀਂ। ਫੈਸਲਾ ਸੁਣਾਉਂਦੇ ਹੋਏ ਜਸਟਿਸ ਪੀ. ਵੀ. ਕੁਨਹੀਕ੍ਰਿਸ਼ਨਨ ਨੇ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਵਿਚ ਧਰਮ ਦੂਜੇ ਨੰਬਰ ਉਤੇ ਹੈ ਅਤੇ ਸੰਵਿਧਾਨਕ ਅਧਿਕਾਰ ਸਰਵਉੱਚ ਹਨ।
ਜੱਜ ਨੇ ਕਿਹਾ, ‘‘ਜਦੋਂ ਦੂਜੇ ਵਿਆਹ ਨੂੰ ਰਜਿਸਟਰ ਕਰਨ ਦਾ ਸਵਾਲ ਉੱਠਦਾ ਹੈ ਤਾਂ ਰਵਾਇਤੀ ਕਾਨੂੰਨ ਲਾਗੂ ਨਹੀਂ ਹੁੰਦਾ।’’ ਜਸਟਿਸ ਕੁਨਹੀਕ੍ਰਿਸ਼ਨਨ ਨੇ ਇਹ ਵੀ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਪਵਿੱਤਰ ਕੁਰਾਨ ਜਾਂ ਮੁਸਲਿਮ ਕਾਨੂੰਨ ਕਿਸੇ ਹੋਰ ਔਰਤ ਨਾਲ ਵਿਆਹ ਤੋਂ ਬਾਹਰ ਰਿਸ਼ਤੇ ਦੀ ਇਜਾਜ਼ਤ ਦਿੰਦਾ ਹੈ ਜਦੋਂ ਉਸ ਦੀ ਪਹਿਲੀ ਪਤਨੀ ਜ਼ਿੰਦਾ ਹੈ ਅਤੇ ਉਸ ਨਾਲ ਉਸ ਦਾ ਪਹਿਲਾ ਵਿਆਹ ਮੌਜੂਦ ਹੈ, ਅਤੇ ਉਹ ਵੀ, ਉਸ ਦੀ ਪਹਿਲੀ ਪਤਨੀ ਦੀ ਜਾਣਕਾਰੀ ਤੋਂ ਬਿਨਾਂ।’’ ਅਦਾਲਤ ਨੇ ਇਹ ਟਿਪਣੀਆਂ ਇਕ ਆਦਮੀ ਅਤੇ ਉਸ ਦੀ ਦੂਜੀ ਪਤਨੀ ਵਲੋਂ ਦਾਇਰ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਆਈਆਂ ਹਨ, ਜਿਸ ’ਚ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਵਿਆਹ ਰਜਿਸਟਰ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿਤਾ ਕਿਉਂਕਿ ਆਦਮੀ ਦੀ ਪਹਿਲੀ ਪਤਨੀ ਕਾਰਵਾਈ ਵਿਚ ਧਿਰ ਨਹੀਂ ਸੀ।