‘ਅਦਾਲਤ-ਏਜੰਸੀਆਂ ਨਾਲ ਨਾ ਖੇਡੋ’, ਮੁਲਜ਼ਮ ਦੇ ਦੁਬਈ ਤੋਂ ਲਾਪਤਾ ਹੋਣ ’ਤੇ ਸੁਪਰੀਮ ਕੋਰਟ ਸਖ਼ਤ
ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ’ਚ ਮੁਲਜ਼ਮ ਰਵੀ ਉੱਪਲ ਸਾਰੀਆਂ ਜਾਂਚ ਏਜੰਸੀਆਂ ਤੋਂ ਬਚ ਕੇ ਦੁਬਈ ਤੋਂ ਫਰਾਰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਹਾਦੇਵ ਸੱਟੇਬਾਜ਼ੀ ਐਪ ਦੇ ਭਗੌੜੇ ਸਹਿ-ਸੰਸਥਾਪਕ ਨੂੰ ਲੱਭਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਹੁਕਮ ਦਿਤੇ ਹਨ। ਅਦਾਲਤ ਦਾ ਕਹਿਣਾ ਹੈ ਕਿ ਵ੍ਹਾਈਟ ਕਾਲਰ ਅਪਰਾਧ ਕਰਨ ਵਾਲਾ ਮੁਲਜ਼ਮ ਜਾਂਚ ਏਜੰਸੀਆਂ ਨਾਲ ਨਹੀਂ ਖੇਡ ਸਕਦਾ।
ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਮੁਖੀ ਰਵੀ ਉੱਪਲ ਦੇ ਦੁਬਈ ’ਚ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ ਰਵੀ ਸਾਰੀਆਂ ਜਾਂਚ ਏਜੰਸੀਆਂ ਤੋ ਬਚ ਕੇ ਦੁਬਈ ਤੋਂ ਫਰਾਰ ਵੀ ਹੋ ਗਿਆ ਹੈ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹੈ। ਸੁਪਰੀਮ ਕੋਰਟ ’ਚ ਜਸਟਿਸ ਐਮ.ਐ.ਮ ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਰਵੀ ਨੂੰ ਲੱਭਣ ਦੀ ਜ਼ਿੰਮੇਵਾਰੀ ਈ.ਡੀ. ਨੂੰ ਦਿਤੀ ਹੈ। ਅਦਾਲਦ ਨੇ ਕਿਹਾ, ‘‘ਇਹ ਇਕ ਹੈਰਾਨ ਕਰਨ ਵਾਲਾ ਮਾਮਲਾ ਹੈ ਅਤੇ ਅਦਾਲਤ ਨੂੰ ਇਸ ਬਾਰੇ ਕੁੱਝ ਕਰਨਾ ਪਏਗਾ।’’
ਰਵੀ ਉੱਪਲ ਲੰਮੇ ਸਮੇਂ ਤੋਂ ਦੁਬਈ ਵਿਚ ਰਹਿ ਰਿਹਾ ਸੀ। ਭਾਰਤੀ ਏਜੰਸੀਆਂ ਰਵੀ ਦੀ ਹਵਾਲਗੀ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਉਤੇ ਦਬਾਅ ਪਾ ਰਹੀਆਂ ਸਨ। ਹਾਲਾਂਕਿ ਇਸ ਤੋਂ ਪਹਿਲਾਂ ਰਵੀ ਬਿਨਾਂ ਕਿਸੇ ਨੂੰ ਦੱਸੇ ਦੁਬਈ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ‘‘ਇਸ ਤਰ੍ਹਾਂ ਦੇ ਲੋਕਾਂ ਲਈ, ਅਦਾਲਤਾਂ ਅਤੇ ਜਾਂਚ ਏਜੰਸੀਆਂ ਸਿਰਫ ਖੇਡ ਦੀਆਂ ਚੀਜ਼ਾਂ ਹਨ। ਸਾਨੂੰ ਇਸ ਬਾਰੇ ਕੁੱਝ ਕਰਨਾ ਪਏਗਾ। ਅਸੀਂ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦੇ ਹਾਂ। ਜਿੰਨੀ ਜਲਦੀ ਹੋ ਸਕੇ ਉਸ ਨੂੰ ਲੱਭੋ। ਉਸ ਦੀ ਪਹੁੰਚ ਕਾਫ਼ੀ ਲੰਬੀ ਹੈ, ਇਸ ਲਈ ਉਹ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ ਹੈ।’’
ਛੱਤੀਸਗੜ੍ਹ ਹਾਈ ਕੋਰਟ ਨੇ 22 ਮਾਰਚ ਨੂੰ ਮਹਾਦੇਵ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਹੋਣ ਲਈ ਰਵੀ ਉੱਪਲ ਨੂੰ ਸੰਮਨ ਜਾਰੀ ਕੀਤਾ ਸੀ। ਹਾਲਾਂਕਿ ਰਵੀ ਨੇ ਇਸ ਦੇ ਵਿਰੁਧ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿਤਾ ਹੈ।