ਮਹਾਰਾਸ਼ਟਰ ਦੇ ਕਿਸਾਨ ਨੂੰ ਫਸਲ ਦੇ ਨੁਕਸਾਨ ਲਈ ਮਿਲੀ 6 ਰੁਪਏ ਦੀ ਰਾਹਤ
ਇਸ ਨਾਲ ਚਾਹ ਦਾ ਕੱਪ ਵੀ ਨਹੀਂ ਖਰੀਦ ਸਕਦਾ : ਕਿਸਾਨ
ਛਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਇਕ ਕਿਸਾਨ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਭਾਰੀ ਮੀਂਹ ਅਤੇ ਇਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਸਰਕਾਰ ਤੋਂ ਉਸ ਨੂੰ ਸਿਰਫ 6 ਰੁਪਏ ਮੁਆਵਜ਼ਾ ਮਿਲਿਆ ਹੈ। ਕਿਸਾਨ ਦਿਗੰਬਰ ਸੁਧਾਕਰ ਟਾਂਗੜੇ ਪੈਥਨ ਤਾਲੁਕਾ ਦੇ ਪਿੰਡ ਦਾਵਰਵਾੜੀ ਦਾ ਰਹਿਣ ਵਾਲਾ ਹੈ। ਟਾਂਗੜੇ ਨੇ ਸ਼ਿਵ ਸੈਨਾ-ਯੂ.ਬੀ.ਟੀ. ਦੇ ਮੁਖੀ ਊਧਵ ਠਾਕਰੇ ਦੇ ਮਰਾਠਵਾੜਾ ਖੇਤਰ ਦੇ ਦੌਰੇ ਦੇ ਹਿੱਸੇ ਵਜੋਂ ਉਨ੍ਹਾਂ ਦੀ ਯਾਤਰਾ ਦੌਰਾਨ ਪੈਥਨ ਦੇ ਨੰਦਰ ਪਿੰਡ ਵਿਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਹ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਹਾਲ ਹੀ ’ਚ, ਰਾਜ ਦੇ ਅਕੋਲਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਦੇ ਕਿਸਾਨਾਂ ਨੇ ਭਾਰੀ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਲਈ ਕੇਂਦਰੀ ਬੀਮਾ ਯੋਜਨਾ ਤਹਿਤ ਮੁਆਵਜ਼ੇ ਵਜੋਂ 3 ਅਤੇ 21 ਰੁਪਏ ਮਿਲੇ ਹੋਣ ਦਾ ਦਾਅਵਾ ਕੀਤਾ ਅਤੇ ਇਸ ਸਹਾਇਤਾ ਨੂੰ ‘ਅਪਮਾਨਜਨਕ’ ਅਤੇ ‘ਮਜ਼ਾਕ’ ਕਰਾਰ ਦਿਤਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ.ਐੱਮ.ਐੱਫ.ਬੀ.ਵਾਈ.) ਤਹਿਤ ਸਹਾਇਤਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੇ ਬਾਅਦ ਵਿਚ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਚੈੱਕ ਰਾਹੀਂ ਰਕਮ ਵਾਪਸ ਕਰ ਦਿਤੀ।
ਟਾਂਗੜੇ ਨੇ ਕਿਹਾ,‘‘ਮੇਰੇ ਕੋਲ਼ ਸਿਰਫ਼ ਦੋ ਏਕੜ ਜ਼ਮੀਨ ਹੈ। ਮੈਨੂੰ ਇਕ ਸੁਨੇਹਾ ਮਿਲਿਆ ਕਿ ਮੇਰੇ ਬੈਂਕ ਖਾਤੇ ਵਿਚ 6 ਰੁਪਏ ਜਮ੍ਹਾ ਹੋ ਗਏ ਹਨ। ਸਰਕਾਰ ਨੂੰ ਇੰਨਾ ਘੱਟ ਭੁਗਤਾਨ ਕਰਨ ਵਿਚ ਸ਼ਰਮ ਆਉਣੀ ਚਾਹੀਦੀ ਹੈ। ਇਹ ਰਕਮ ਮੈਨੂੰ ਚਾਹ ਦਾ ਕੱਪ ਖਰੀਦਣ ਲਈ ਵੀ ਕਾਫ਼ੀ ਨਹੀਂ ਹੈ। ਸਰਕਾਰ ਨੇ ਕਿਸਾਨਾਂ ਉਤੇ ਵੱਡਾ ਮਜ਼ਾਕ ਉਡਾਇਆ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਕਰਜ਼ਾ ਮੁਆਫੀ ਦੀ ਲੋੜ ਹੈ ਅਤੇ ਸਰਕਾਰ ਮੇਰੇ ਖਾਤੇ ’ਚ 6 ਰੁਪਏ ਜਮ੍ਹਾ ਕਰ ਕੇ ਕਿਸਾਨਾਂ ਉਤੇ ਅਜਿਹੇ ਮਜ਼ਾਕ ਕਰ ਰਹੀ ਹੈ। ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਘੱਟੋ-ਘੱਟ (ਸਾਬਕਾ ਮੁੱਖ ਮੰਤਰੀ) ਊਧਵ ਠਾਕਰੇ ਨੇ ਅਪਣੇ ਕਾਰਜਕਾਲ ਦੌਰਾਨ ਕਰਜ਼ਾ ਮੁਆਫੀ ਪ੍ਰਦਾਨ ਕੀਤੀ। ਇਸ ਸਰਕਾਰ ਨੇ ਪਹਿਲਾਂ ਵੀ ਇਸ ਦਾ ਐਲਾਨ ਕੀਤਾ ਸੀ, ਪਰ ਕੁੱਝ ਨਹੀਂ ਕੀਤਾ।’’ ਉਨ੍ਹਾਂ ਕਿਹਾ ਕਿ ਲੋਕ ਪਿਛਲੇ ਦੋ ਮਹੀਨਿਆਂ ਤੋਂ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ, ਹੁਣ ਉਹ ਇੰਨੀ ਰਕਮ ਭੇਜ ਰਹੇ ਹਨ।
ਜ਼ਿਕਰਯੋਗ ਹੈ ਕਿ ਸੂਬੇ ਦੇ ਕੁੱਝ ਹਿੱਸਿਆਂ, ਖ਼ਾਸਕਰ ਮਰਾਠਵਾੜਾ ਖੇਤਰ ਦੇ ਕੁੱਝ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅਗੱਸਤ-ਸਤੰਬਰ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ।
ਸੂਬਾ ਸਰਕਾਰ ਨੇ ਪਿਛਲੇ ਮਹੀਨੇ ਪ੍ਰਭਾਵਤ ਕਿਸਾਨਾਂ ਲਈ 31,628 ਕਰੋੜ ਰੁਪਏ ਦੇ ਮੁਆਵਜ਼ਾ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿਚ ਫਸਲਾਂ ਦੇ ਨੁਕਸਾਨ, ਮਿੱਟੀ ਦੇ ਖੁਰਨ, ਜ਼ਖਮੀ ਵਿਅਕਤੀਆਂ ਦੇ ਹਸਪਤਾਲ ਵਿਚ ਭਰਤੀ ਹੋਣਾ, ਨਿਕਟ ਰਿਸ਼ਤੇਦਾਰਾਂ ਲਈ ਐਕਸ-ਗ੍ਰੇਸ਼ੀਆ, ਘਰਾਂ, ਦੁਕਾਨਾਂ ਅਤੇ ਪਸ਼ੂਆਂ ਦੇ ਸ਼ੈੱਡਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਸ਼ਾਮਲ ਹੈ। (ਪੀਟੀਆਈ)