ਮਹਾਰਾਸ਼ਟਰ ’ਚ ਮਹਿਲਾ ਡਾਕਟਰ ਦੀ ਖੁਦਕੁਸ਼ੀ ਮਾਮਲੇ ’ਚ ਗ੍ਰਿਫਤਾਰ ਪੁਲਿਸ ਮੁਲਾਜ਼ਮ ਬਰਖਾਸਤ
ਫਲਟਨ ਕਸਬੇ ਦੇ ਇਕ ਹੋਟਲ ਦੇ ਕਮਰੇ ਵਿਚ ਡਾਕਟਰ ਦੀ ਲਟਕਦੀ ਮਿਲੀ ਸੀ
ਪੁਣੇ : ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਇਕ ਮਹਿਲਾ ਡਾਕਟਰ ਦੀ ਕਥਿਤ ਖ਼ੁਦਕੁਸ਼ੀ ਦੇ ਦੋਸ਼ੀ ਮੁਅੱਤਲ ਕੀਤੇ ਗਏ ਸਬ-ਇੰਸਪੈਕਟਰ ਗੋਪਾਲ ਬਦਾਨੇ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਹੈ। 23 ਅਕਤੂਬਰ ਦੀ ਰਾਤ ਨੂੰ ਜ਼ਿਲ੍ਹੇ ਦੇ ਫਲਟਨ ਕਸਬੇ ਦੇ ਇਕ ਹੋਟਲ ਦੇ ਕਮਰੇ ਵਿਚ ਡਾਕਟਰ ਦੀ ਲਟਕਦੀ ਮਿਲੀ ਸੀ, ਜਿਸ ਤੋਂ ਬਾਅਦ ਬਦਾਨੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਇਸ ਨੂੰ ਖੁਦਕੁਸ਼ੀ ਨਾਲ ਹੋਈ ਮੌਤ ਕਿਹਾ ਸੀ। ਪਰ ਡਾਕਟਰ ਨੇ ਅਪਣੀ ਹਥੇਲੀ ਉਤੇ ਲਿਖਿਆ ਇਕ ਨੋਟ ਛੱਡ ਦਿਤਾ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਬਦਾਨੇ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਸੀ। ਇਸੇ ਨੋਟ ’ਚ ਉਸ ਨੇ ਪ੍ਰਸ਼ਾਂਤ ਬਾਂਕਰ ਨਾਂ ਦੇ ਇਕ ਵਿਅਕਤੀ ਉਤੇ ਵੀ ਦੋਸ਼ ਲਾਇਆ ਸੀ ਕਿ ਉਹ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਉਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਸਤਾਰਾ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਦਾਨੇ ਉਤੇ ‘ਅਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਅਨੈਤਿਕ ਅਤੇ ਅਸ਼ਲੀਲ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ’ ਦਾ ਦੋਸ਼ ਲਗਾਇਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਸ ਦੀਆਂ ਕਾਰਵਾਈਆਂ ਨੂੰ ਇਕ ਪੁਲਿਸ ਅਧਿਕਾਰੀ ਲਈ ਅਣਉਚਿਤ ਅਤੇ ਜਨਤਕ ਵਿਸ਼ਵਾਸ ਲਈ ਨੁਕਸਾਨਦੇਹ ਦਸਿਆ ਗਿਆ ਸੀ। ਬਿਆਨ ਵਿਚ ਉਸ ਦੀਆਂ ਕਾਰਵਾਈਆਂ ਨੂੰ ‘ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ’ ਕਰਾਰ ਦਿਤਾ ਗਿਆ ਹੈ। (ਪੀਟੀਆਈ)