ਪ੍ਰਿਅੰਕਾ ਚਤੁਰਵੇਦੀ ਨੇ ਸੰਸਦ TV ਐਂਕਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਂ ਅਜਿਹੀ ਥਾਂ 'ਤੇ ਕੋਈ ਵੀ ਅਹੁਦਾ ਸੰਭਾਲਣ ਲਈ ਤਿਆਰ ਨਹੀਂ ਹਾਂ ਜਿੱਥੇ ਮੇਰਾ ਮੁੱਢਲਾ ਅਧਿਕਾਰ ਖੋਹਿਆ ਜਾ ਰਿਹਾ ਹੋਵੇ।

Priyanka Chaturvedi

ਨਵੀਂ ਦਿੱਲੀ : ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ 11 ਹੋਰਾਂ ਦੇ ਨਾਲ ਰਾਜ ਸਭਾ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸੰਸਦ ਟੀਵੀ ਸ਼ੋਅ ਦੀ ਐਂਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਦਾ ਕਾਰਨ ਦੱਸਦੇ ਹੋਏ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਪੱਤਰ ਵੀ ਲਿਖਿਆ ਹੈ।

ਦੱਸ ਦੇਈਏ ਕਿ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਲਿਖੇ ਪੱਤਰ 'ਚ ਉਨ੍ਹਾਂ ਨੇ ਕਿਹਾ, ''ਬਹੁਤ ਦੁੱਖ ਨਾਲ ਕਿਹਾ ਜਾ ਰਿਹਾ ਹੈ ਕਿ ਮੈਂ ਪਾਰਲੀਮੈਂਟ ਟੀਵੀ ਸ਼ੋਅ 'ਮੇਰੀ ਕਹਾਨੀ' ਦੀ ਐਂਕਰ ਦਾ ਅਹੁਦਾ ਛੱਡ ਰਹੀ ਹਾਂ। ਮੈਂ ਅਜਿਹੀ ਥਾਂ 'ਤੇ ਕੋਈ ਵੀ ਅਹੁਦਾ ਸੰਭਾਲਣ ਲਈ ਤਿਆਰ ਨਹੀਂ ਹਾਂ ਜਿੱਥੇ ਮੇਰਾ ਮੁੱਢਲਾ ਅਧਿਕਾਰ ਖੋਹਿਆ ਜਾ ਰਿਹਾ ਹੋਵੇ।  ਸਾਡੇ 12 ਸੰਸਦ ਮੈਂਬਰਾਂ ਨੂੰ ਮਨਮਰਜ਼ੀ ਨਾਲ ਮੁਅੱਤਲ ਕੀਤੇ ਜਾਣ ਕਾਰਨ ਅਜਿਹਾ ਹੋਇਆ ਹੈ। ਇਸ ਲਈ, ਮੈਂ ਇਸ ਸ਼ੋਅ ਦੇ ਜਿੰਨਾ ਨੇੜੇ ਸੀ, ਮੈਨੂੰ ਉੱਨਾ ਹੀ ਦੂਰ ਜਾਣਾ ਪਿਆ।''

ਉਨ੍ਹਾਂ ਅੱਗੇ ਲਿਖਿਆ ਕਿ ਇਸ ਮੁਅੱਤਲੀ ਨਾਲ ਮੇਰਾ ਐਮਪੀ ਟਰੈਕ ਰਿਕਾਰਡ ਵੀ ਖਰਾਬ ਹੋ ਗਿਆ ਹੈ। ਮੈਨੂੰ ਲੱਗਦਾ ਹੈ ਕਿ ਬੇਇਨਸਾਫ਼ੀ ਹੋਈ ਹੈ। ਪਰ ਜੇਕਰ ਚੇਅਰਮੈਨ ਦੀਆਂ ਨਜ਼ਰਾਂ ਵਿੱਚ ਇਹ ਜਾਇਜ਼ ਹੈ ਤਾਂ ਮੈਨੂੰ ਇਸ ਦਾ ਸਤਿਕਾਰ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਅਗਸਤ 'ਚ ਸੰਸਦ ਦੇ ਪਿਛਲੇ ਸੈਸ਼ਨ 'ਚ ਹੰਗਾਮਾ ਕਰਨ ਅਤੇ ਸਦਨ ਦੀ ਕਾਰਵਾਈ 'ਚ ਵਿਘਨ ਪਾਉਣ ਲਈ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਪੂਰੇ ਸਰਦ ਰੁੱਤ ਸੈਸ਼ਨ ਲਈ ਰਾਜ ਸਭਾ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਵਿਰੋਧੀ ਧਿਰ ਨੇ ਉੱਚ ਸਦਨ ਦੁਆਰਾ ਮੁਅੱਤਲੀ ਨੂੰ "ਗੈਰ-ਲੋਕਤੰਤਰੀ ਅਤੇ ਪ੍ਰਕਿਰਿਆ ਦੇ ਸਾਰੇ ਨਿਯਮਾਂ ਦੀ ਉਲੰਘਣਾ" ਕਰਾਰ ਦਿੱਤਾ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਕਾਂਗਰਸ ਦੇ ਛੇ, ਤ੍ਰਿਣਮੂਲ ਕਾਂਗਰਸ ਅਤੇ ਸ਼ਿਵ ਸੈਨਾ ਦੇ ਦੋ-ਦੋ ਅਤੇ ਸੀਪੀਆਈ ਅਤੇ ਸੀਪੀਆਈ (ਐਮ) ਦਾ ਇੱਕ-ਇੱਕ ਮੈਂਬਰ ਸ਼ਾਮਲ ਹੈ।