ਅਗ਼ਵਾ ਬੱਚਿਆਂ ਨੂੰ ਲੱਭਣ 'ਚ ਨਾਕਾਮ ਰਹੀ ਚੰਡੀਗੜ੍ਹ ਪੁਲਿਸ: 3 ਸਾਲਾਂ 'ਚ 43 ਲਾਪਤਾ ਬੱਚਿਆਂ ਦਾ ਨਹੀਂ ਮਿਲਿਆ ਸੁਰਾਗ਼  

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਨੇ ਵੀ ਪ੍ਰਗਟਾਈ ਚਿੰਤਾ, ਕਿਹਾ- ਹੋ ਸਕਦਾ ਹੈ ਇਸ ਪਿੱਛੇ ਕਿਸੇ ਗਿਰੋਹ ਦਾ ਹੱਥ

Punjabi News

ਚੰਡੀਗੜ੍ਹ : ਸ਼ਹਿਰ ਦੀ ਚੁਸਤ-ਦਰੁਸਤ ਪੁਲਿਸ ਨਾ ਸਿਰਫ਼ ਸ਼ਹਿਰ ਵਿੱਚੋਂ ਅਪਰਾਧਾਂ ਨੂੰ ਘੱਟ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ, ਸਗੋਂ ਕਈ ਲਾਪਤਾ ਬੱਚਿਆਂ ਨੂੰ ਲੱਭਣ ਵਿੱਚ ਵੀ ਨਾਕਾਮ ਰਹੀ ਹੈ। ਇੱਕ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 3 ਸਾਲਾਂ ਤੋਂ ਲਾਪਤਾ ਹੋਏ 43 ਬੱਚਿਆਂ ਦਾ ਅਜੇ ਤੱਕ ਕੋਈ ਸੁਰਾਗ਼ ਨਹੀਂ ਲੱਗ ਸਕਿਆ ਹੈ।

ਸਾਲ 2020 ਵਿੱਚ 122 ਬੱਚੇ ਲਾਪਤਾ ਹੋਏ ਸਨ। ਇਨ੍ਹਾਂ ਵਿੱਚੋਂ 112 ਨੂੰ ਲਾਭ ਲਿਆ ਗਿਆ ਜਦਕਿ ਬਾਕੀ ਲਾਪਤਾ ਹੀ ਹਨ।  ਸਾਲ 2021 ਵਿੱਚ, 157 ਬੱਚੇ ਲਾਪਤਾ ਹੋਏ ਸਨ, ਜਿਨ੍ਹਾਂ ਵਿੱਚੋਂ 151 ਦਾ ਪਤਾ ਲਗਾਇਆ ਗਿਆ ਸੀ। ਇਸ ਸਾਲ ਹੁਣ ਤੱਕ ਚੰਡੀਗੜ੍ਹ ਤੋਂ 116 ਬੱਚੇ ਲਾਪਤਾ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਸਿਰਫ਼ 89 ਹੀ ਮਿਲ ਸਕੇ ਹਨ।

ਬੱਚਿਆਂ ਨੂੰ ਲੱਭਣ ਲਈ ਆਪਰੇਸ਼ਨ ਮੁਸਕਾਨ ਸ਼ੁਰੂ ਕੀਤਾ ਗਿਆ ਸੀ। ਐਡਵਾਇਜ਼ਰੀ ਕੌਂਸਲ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪ੍ਰਸ਼ਾਸਕ ਬੀ ਐਲ ਪੁਰੋਹਿਤ ਨੇ ਇਸ ਮੁੱਦੇ ਉੱਤੇ ਗੰਭੀਰਤਾ ਪ੍ਰਗਟ ਕਰਦਿਆਂ ਪੁਲਿਸ ਅਤੇ ਸਮਾਜ ਭਲਾਈ ਵਿਭਾਗ ਨੂੰ ਢੁਕਵੇਂ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਇਕ ਸਮਰਪਿਤ ਯੂਨਿਟ ਅਜਿਹੇ ਬੱਚਿਆਂ ਦੀ ਭਾਲ ਵਿਚ ਕਾਰਵਾਈ ਕਰ ਰਹੀ ਹੈ। ਪੁਲਿਸ ਵੱਲੋਂ ਲਾਪਤਾ ਬੱਚਿਆਂ ਨੂੰ ਲੱਭਣ ਲਈ ਆਪਰੇਸ਼ਨ ਮੁਸਕਾਨ ਵੀ ਚਲਾਇਆ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੀ ਸਬ-ਕਮੇਟੀ ਦੇ ਚੇਅਰਮੈਨ ਅਤੇ ਭਾਰਤ ਦੇ ਐਡੀਸ਼ਨਲ ਸਾਲਿਸਟਰ ਜਨਰਲ ਸਤਿਆਪਾਲ ਜੈਨ (ਸਾਬਕਾ ਸੰਸਦ ਮੈਂਬਰ) ਨੇ ਇਸ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਗ਼ਾਇਬ ਹੋਣ ਪਿੱਛੇ ਕਿਸੇ ਗਿਰੋਹ ਦਾ ਹੱਥ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਗੰਭੀਰ ਮੁੱਦੇ 'ਤੇ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ।

ਜੈਨ ਦਾ ਕਹਿਣਾ ਹੈ ਕਿ ਜੇਕਰ ਤਿੰਨ ਸਾਲਾਂ ਤੋਂ ਇੰਨੇ ਲਾਪਤਾ ਬੱਚਿਆਂ ਦਾ ਕੋਈ ਸੁਰਾਗ਼ ਨਹੀਂ ਮਿਲਦਾ ਤਾਂ ਇਸ ਦਾ ਮਤਲਬ ਹੈ ਕਿ ਇਸ ਪਿੱਛੇ ਕਿਸੇ ਸੰਗਠਿਤ ਗਿਰੋਹ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਬੱਚਿਆਂ ਨੂੰ ਅਗ਼ਵਾ ਕਰ ਕੇ ਦੂਜੇ ਸੂਬਿਆਂ ਵਿੱਚ ਲਿਜਾਇਆ ਜਾ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਹੋਵੇ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਗੰਭੀਰ ਮੁੱਦੇ ’ਤੇ ਪੁਲਿਸ ਨੂੰ ਲਾਪਤਾ ਬੱਚਿਆਂ ਦੀ ਭਾਲ ਲਈ ਟੀਮਾਂ ਬਣਾਉਣ ਲਈ ਕਿਹਾ ਹੈ।

ਜਨਵਰੀ 2021 ਤੋਂ ਜੂਨ 2022 ਤੱਕ ਸ਼ਹਿਰ ਵਿੱਚ ਕੁੱਲ 96 ਬੱਚੇ ਭੀਖ ਮੰਗਦੇ ਪਾਏ ਗਏ। ਇਨ੍ਹਾਂ ਵਿੱਚੋਂ 46 ਲੜਕੇ ਅਤੇ 50 ਲੜਕੀਆਂ ਸਨ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਵਿੱਚ ਭੇਜਿਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੀ ਬਾਲ ਭਲਾਈ ਕਮੇਟੀ ਅਜਿਹੇ ਬੱਚਿਆਂ ਨੂੰ ਬਚਾ ਰਹੀ ਹੈ।