ਅਮਰੀਕਾ ’ਚ ‘ਪੰਨੂੰ ਦੇ ਕਤਲ ਦੀ ਸਾਜ਼ਸ਼’ ਦਾ ਮਾਮਲਾ : ਫ਼ਾਈਨਰ ਨੇ ਭਾਰਤ ਵਲੋਂ ਜਾਂਚ ਕਮੇਟੀ ਬਣਾਉਣ ਦੇ ਫੈਸਲੇ ਨੂੰ ਸਵੀਕਾਰ ਕੀਤਾ: ਅਮਰੀਕਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਾਈਨਰ ਨੇ ਭਾਰਤੀ ਨੇਤਾਵਾਂ ਨਾਲ ਅਪਣੀਆਂ ਬੈਠਕਾਂ ਦੌਰਾਨ ਸੰਘਰਸ਼ ਤੋਂ ਬਾਅਦ ਗਾਜ਼ਾ ਨਾਲ ਜੁੜੀਆਂ ਯੋਜਨਾਵਾਂ ਅਤੇ ਦੋ-ਰਾਜ ਹੱਲ ’ਤੇ ਵੀ ਚਰਚਾ ਕੀਤੀ

External Affairs Minister S Jaishankar with US Principal Deputy NSA Jonathan Finer

ਨਵੀਂ ਦਿੱਲੀ: ਅਮਰੀਕਾ ਦੇ ਪ੍ਰਧਾਨ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫ਼ਾਈਨਰ ਨੇ ਭਾਰਤ ਨੂੰ ਦਸਿਆ ਹੈ ਕਿ ਅਮਰੀਕੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਸ਼ ਦੀ ਜਾਂਚ ਦੌਰਾਨ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਵਾਬਦੇਹ ਠਹਿਰਾਉਣ ਦੀ ਮਹੱਤਤਾ ਹੈ। ਅਮਰੀਕਾ ਨੂੰ ਇਸ ਮਾਮਲੇ ’ਚ ਕਿਸੇ ਭਾਰਤੀ ਦੀ ਸ਼ਮੂਲੀਅਤ ਦਾ ਸ਼ੱਕ ਸੀ, ਜਿਸ ਤੋਂ ਬਾਅਦ ਭਾਰਤ ਨੇ ਜਾਂਚ ਦੀ ਮੰਗ ਕੀਤੀ ਸੀ। 

ਫ਼ਾਈਨਰ ਦੀ ਭਾਰਤ ਯਾਤਰਾ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇਸ ਘਾਤਕ ਸਾਜ਼ਸ਼ ਦੀ ਜਾਂਚ ਲਈ ਅਮਰੀਕਾ ਵਿਚ ਇਕ ਕਮੇਟੀ ਗਠਿਤ ਕਰਨ ਦੇ ਭਾਰਤ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਅਤੇ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਵਾਬਦੇਹ ਠਹਿਰਾਉਣ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹਨ। 

ਵ੍ਹਾਈਟ ਹਾਊਸ ਨੇ ਦਿੱਲੀ ’ਚ ਫ਼ਾਈਨਰ ਦੀਆਂ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ ’ਚ ਕਿਹਾ, ‘‘ਫ਼ਾਈਨਰ ਨੇ ਅਮਰੀਕਾ ’ਚ ਇਸ ਘਾਤਕ ਸਾਜ਼ਸ਼ ਦੀ ਜਾਂਚ ਲਈ ਭਾਰਤ ਵਲੋਂ ਜਾਂਚ ਕਮੇਟੀ ਗਠਿਤ ਕਰਨ ਅਤੇ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਵਾਬਦੇਹ ਠਹਿਰਾਉਣ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਹੈ।’’

ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਫ਼ਾਈਨਰ ਨੇ ਭਾਰਤੀ ਨੇਤਾਵਾਂ ਨਾਲ ਅਪਣੀਆਂ ਬੈਠਕਾਂ ਦੌਰਾਨ ਸੰਘਰਸ਼ ਤੋਂ ਬਾਅਦ ਗਾਜ਼ਾ ਨਾਲ ਜੁੜੀਆਂ ਯੋਜਨਾਵਾਂ ਅਤੇ ਦੋ-ਰਾਜ ਹੱਲ ’ਤੇ ਵੀ ਚਰਚਾ ਕੀਤੀ। ਫ਼ਾਈਨਰ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਵਿਨੈ ਕਵਾਤਰਾ ਨਾਲ ਮੁਲਾਕਾਤ ਕੀਤੀ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨਾਲ ਵਿਆਪਕ ਗੱਲਬਾਤ ਕੀਤੀ।