ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ
ਦਿੱਲੀ, ਮੁੰਬਈ, ਬੰਗਲੁਰੂ ਹਵਾਈ ਅੱਡੇ ਰਹੇ ਸਭ ਤੋਂ ਵਧ ਪ੍ਰਭਾਵਿਤ
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਬੀਤੇ ਦਿਨੀਂ ਦਿੱਲੀ, ਮੁੰਬਈ, ਬੰਗਲੂਰੂ ਅਤੇ ਹੋਰ ਹਵਾਈ ਅੱਡਿਆਂ ’ਤੇ 300 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ ਸੈਂਕੜੇ ਯਤਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਅਮਲੇ ਦੀਆਂ ਸਮੱਸਿਆਵਾਂ ਅਤੇ ਸਮਾਂ ਸਾਰਣੀ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਇੰਡੀਗੋ ਦੀਆਂ ਵੱਡੀ ਗਿਣਤੀ ਉਡਾਣਾਂ ਵੱਖ-ਵੱਖ ਹਵਾਈ ਅੱਡਿਆਂ ’ਤੇ ਦੇਰੀ ਨਾਲ ਚੱਲੀਆਂ।
ਸੂਤਰਾਂ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ ਘੱਟੋ-ਘੱਟ 95 ਉਡਾਣਾਂ, ਮੁੰਬਈ ਹਵਾਈ ਅੱਡੇ ‘ਤੇ 85, ਹੈਦਰਾਬਾਦ ਵਿੱਚ 70 ਅਤੇ ਬੰਗਲੂਰੂ ਵਿੱਚ 50 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਹੋਰ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਰੱਦ ਹੋਣ ਦੀਆਂ ਸੂਚਨਾਵਾਂ ਹਨ। ਛੇ ਮੁੱਖ ਹਵਾਈ ਅੱਡਿਆਂ - ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੰਗਲੁੂਰੂ ਤੇ ਹੈਦਰਾਬਾਦ ਦੇ ਅੰਕੜਿਆਂ ਦੇ ਆਧਾਰ ’ਤੇ, ਇੰਡੀਗੋ ਦੀ ਸਮੇਂ ਸਿਰ ਕਾਗਰੁਜ਼ਾਰੀ (ਓ ਟੀ ਪੀ) ਬੁੱਧਵਾਰ ਨੂੰ 35 ਫੀਸਦੀ ਤੋਂ ਡਿੱਗ ਕੇ 19.7 ਪ੍ਰਤੀਸ਼ਤ ’ਤੇ ਆ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟਰ ਜਨਰਲ ਏਅਰਲਾਈਨ ਅਧਿਕਾਰੀਆਂ ਨਾਲ ਸਥਿਤੀ ਬਾਰੇ ਚਰਚਾ ਕਰ ਰਹੇ ਹਨ। ਬਾਅਦ ਦੁਪਹਰੇ ਭਾਰਤੀ ਸੂਚਕ ਅੰਕ ’ਤੇ ਇੰਡੀਗੋ ਦੇ ਸ਼ੇਅਰ 3 ਪ੍ਰਤੀਸ਼ਤ ਤੋਂ ਵੱਧ ਡਿੱਗ ਕੇ 5,417.90 ਪ੍ਰਤੀ ਸ਼ੇਅਰ ’ਤੇ ਆ ਗਏ। ਡੀ ਜੀ ਸੀ ਏ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਇੰਡੀਗੋ ਦੀਆਂ ਉਡਾਣਾਂ ਵਿੱਚ ਸਮੱਸਿਆ ਦੀ ਜਾਂਚ ਕਰ ਰਿਹਾ ਹੈ ਅਤੇ ਏਅਰਲਾਈਨ ਤੋਂ ਮੌਜੂਦਾ ਸਥਿਤੀ ਦੇ ਕਾਰਨਾਂ ਦੇ ਨਾਲ-ਨਾਲ ਉਡਾਣਾਂ ਰੱਦ ਕਰਨ ਅਤੇ ਦੇਰੀ ਨੂੰ ਘਟਾਉਣ ਬਾਰੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਮੰਗੀ ਗਈ ਹੈ।
ਉਧਰ, ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐੱਫ ਆਈ ਪੀ) ਨੇ ਦੋਸ਼ ਲਾਇਆ ਹੈ ਕਿ ਇੰਡੀਗੋ ਨੇ ਕਾਕਪਿਟ ਅਮਲੇ ਲਈ ਨਵੀਂ ਉਡਾਣ ਡਿਊਟੀ ਅਤੇ ਆਰਾਮ ਦੇ ਸਮੇਂ ਸਬੰਧੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਪਹਿਲਾਂ ਦੋ ਸਾਲ ਦੀ ਤਿਆਰੀ ਲਈ ਸਮਾਂ ਮਿਲਣ ਦੇ ਬਾਵਜੂਦ, ਅਚਾਨਕ ਭਰਤੀ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਪਾਇਲਟਾਂ ਦੇ ਸਮੂਹ ਨੇ ਡੀ ਜੀ ਸੀ ਏ ਨੂੰ ਅਪੀਲ ਕੀਤੀ ਹੈ ਕਿ ਉਹ ਏਅਰਲਾਈਨ ਦੀਆਂ ਮੌਸਮੀ ਉਡਾਣਾਂ ਦੀਆਂ ਸਮਾਂ ਸਾਰਣੀਆਂ ਨੂੰ ਉਦੋਂ ਤੱਕ ਮਨਜ਼ੂਰੀ ਨਾ ਦੇਵੇ ਜਦੋਂ ਤੱਕ ਉਨ੍ਹਾਂ ਕੋਲ ਨਵੇਂ ਐੱਫ ਡੀ ਟੀ ਐੱਲ ਨਿਯਮਾਂ ਦੇ ਅਨੁਸਾਰ ਆਪਣੀਆਂ ਸੇਵਾਵਾਂ ਨੂੰ ‘ਸੁਰੱਖਿਅਤ ਅਤੇ ਭਰੋਸੇਯੋਗ ਢੰਗ ਨਾਲ’ ਚਲਾਉਣ ਲਈ ਲੋੜੀਂਦਾ ਅਮਲਾ ਨਾ ਹੋਵੇ।
ਇਸੇ ਦੌਰਾਨ ਏਅਰਲਾਈਨ ਦੇ ਸੀ ਈ ਓ ਪੀਟਰ ਐਲਬਰ ਨੇ ਕਿਹਾ ਕਿ ਉਹ ਉਡਾਣਾਂ ਨਿਯਮਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਔਖਾ ਕੰਮ ਹੈ। ਉਨ੍ਹਾਂ ਮੰਨਿਆ ਕਿ ਏਅਰਲਾਈਨ ਖਪਤਕਾਰਾਂ ਨੂੰ ਚੰਗੀ ਸਹੂਲਤ ਦੇਣ ਦਾ ਆਪਣਾ ਵਾਅਦਾ ਨਿਭਾਉਣ ਵਿੱਚ ਅਸਫਲ ਰਹੀ ਹੈ।