'ਮਾਲਿਆ ਭਗੌੜਾ' ਆਰਥਕ ਅਪਰਾਧੀ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਈ.ਡੀ. ਦੀ ਅਪੀਲ 'ਤੇ ਫ਼ਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਸਨਿਚਰਵਾਰ ਨੂੰ ਭਗੋੜਾ ਆਰਥਕ ਅਪਰਾਧੀ ਐਲਾਨ ਦਿਤਾ ਹੈ.........

Manjit Singh GK

ਮੁੰਬਈ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਈ.ਡੀ. ਦੀ ਅਪੀਲ 'ਤੇ ਫ਼ਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਸਨਿਚਰਵਾਰ ਨੂੰ ਭਗੋੜਾ ਆਰਥਕ ਅਪਰਾਧੀ ਐਲਾਨ ਦਿਤਾ ਹੈ। ਮਾਲਿਆ ਨਵੇਂ ਭਗੋੜਾ ਆਰਥਕ ਅਪਰਾਧੀ ਐਕਟ ਦੀਆਂ ਸ਼ਰਤਾਂ ਹੇਠ ਭਗੌੜਾ ਐਲਾਨ ਕੀਤੇ ਜਾਣ ਵਾਲਾ ਪਹਿਲਾ ਕਾਰੋਬਾਰੀ ਬਣ ਗਿਆ ਹੈ। 
ਇਹ ਕਾਨੂੰਨ ਪਿਛਲੇ ਸਾਲ ਅਗੱਸਤ 'ਚ ਲਾਗੂ ਹੋਇਆ ਸੀ। ਅਦਾਲਤ ਨੇ ਮਾਮਲਿਆ ਨੂੰ ਭਗੌੜਾ ਐਲਾਨ ਅਤੇ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਉਸ ਨੂੰ ਕੇਂਦਰ ਸਰਕਾਰ ਦੇ ਕਾਬੂ 'ਚ ਲਿਆਉਣ ਦੀ ਅਪੀਲ ਕੀਤੀ ਹੈ। ਮਾਲਿਆ 2016 'ਚ ਭਾਰਤ ਛੱਡ ਕੇ ਚਲਾ ਗਿਆ ਸੀ। 

ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਹੈ ਕਿ ਵਿਜੈ ਮਾਲਿਆ ਨੂੰ ਭਗੋੜਾ ਆਰਥਕ ਅਪਰਾਧੀ ਐਲਾਨ ਕੀਤਾ ਜਾਣਾ ਭ੍ਰਿਸ਼ਟਾਚਾਰ ਵਿਰੁਧ ਸੱਤਾਧਾਰੀ ਪਾਰਟੀ ਦੀ ਲੜਾਈ 'ਚ ਪ੍ਰਾਪਤੀ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ''ਮਾਲਿਆ ਕਾਂਗਰਸ ਸਰਕਾਰ ਦੀ ਸਰਪ੍ਰਸਤੀ 'ਚ ਵਧਿਆ-ਫੁਲਿਆ। ਉਸ ਦੇ ਦੀਵਾਲੀਆ ਹੋਣ ਦੇ ਬਾਵਜੂਦ ਉਸ ਨੂੰ ਕਰਜ਼ਾ ਦਿਤਾ ਗਿਆ ਅਤੇ ਕਰਜ਼ੇ ਦੇ ਭੁਗਤਾਨ ਦੀਆਂ ਸ਼ਰਤਾਂ ਵੀ ਬਦਲੀਆਂ ਗਈਆਂ। ਉਹ ਦੇਸ਼ ਦਾ 900 ਕਰੋੜ ਰੁਪਿਆ ਲੈ ਕੇ ਭੱਜ ਗਿਆ।'' ਨਵੇਂ ਐਕਟ ਦੇ ਅਧੀਨ ਜਿਸ ਨੂੰ ਆਰਥਿਕ ਭਗੌੜਾ ਐਲਾਨ ਕੀਤਾ ਜਾਂਦਾ ਹੈ, ਉਸ ਦੀ ਸੰਪਤੀ ਤੁਰੰਤ ਪ੍ਰਭਾਵ ਤੋਂ ਜ਼ਬਤ ਕਰ ਲਈ ਜਾਂਦੀ ਹੈ।

ਆਰਥਿਕ ਭਗੌੜਾ ਉਹ ਹੁੰਦਾ ਹੈ, ਜਿਸ ਦੇ ਵਿਰੁੱਧ ਸੂਚੀਬੱਧ ਅਪਰਾਧਾਂ ਲਈ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੁੰਦਾ ਹੈ। ਨਾਲ ਹੀ ਅਜਿਹਾ ਵਿਅਕਤੀ ਭਾਰਤ ਨੂੰ ਛੱਡ ਚੁੱਕਿਆ ਹੈ ਤਾਂ ਕਿ ਇੱਥੇ ਹੋ ਰਹੀ ਅਪਰਾਧਕ ਕਾਰਵਾਈ ਤੋਂ ਬਚ ਸਕੇ ਜਾਂ ਉਹ ਵਿਦੇਸ਼ 'ਚ ਹੋਵੇ ਅਤੇ ਇਸ ਕਾਰਵਾਈ ਤੋਂ ਬਚਣ ਲਈ ਭਾਰਤ ਆਉਣ ਤੋਂ ਮਨ੍ਹਾ ਕਰ ਰਿਹਾ ਹੈ।

ਇਸ ਆਰਡੀਨੈਂਸ ਦੇ ਅਧੀਨ 100 ਕਰੋੜ ਰੁਪਏ ਤੋਂ ਵਧ ਦੇ ਧੋਖਾਧੜੀ, ਚੈੱਕ ਅਨਾਦਰ ਅਤੇ ਲੋਨ ਡਿਫਾਲਟ ਦੇ ਮਾਮਲੇ ਆਉਂਦੇ ਹਨ। ਭਾਰੀ ਕਰਜ਼ 'ਚ ਦਬੀ ਏਅਰਲਾਈਨਜ਼ ਕਿੰਗਫਿਸ਼ਰ ਦੇ ਮਾਲਕ ਵਿਜੇ ਮਾਲਿਆ 'ਤੇ ਦੋਸ਼ ਹੈ ਕਿ ਉਹ ਕਈ ਬੈਂਕਾਂ ਤੋਂ ਕਰੀਬ 9,990 ਕਰੋੜ ਰੁਪਏ ਦਾ ਲੋਨ ਲੈ ਕੇ ਫਰਾਰ ਹਨ। ਫਿਲਹਾਲ ਮਾਲਿਆ ਲੰਡਨ 'ਚ ਹਨ ਅਤੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਦਿਤਾ ਜਾ ਚੁੱਕਿਆ ਹੈ। ਮਾਲਿਆ 'ਤੇ ਉਹ ਕੇਸ ਭਾਰਤ ਸਰਕਾਰ ਵੱਲੋਂ ਸੀ.ਬੀ.ਆਈ. ਅਤੇ ਈ.ਡੀ. ਨੇ ਕੀਤਾ ਸੀ।  (ਪੀਟੀਆਈ)