ਕਿਸਾਨ ਅੰਦੋਲਨ ਦੀ ਹਮਾਇਤ 'ਚ ਅਭੈ ਚੌਟਾਲਾ, 500 ਟਰੈਕਟਰ-ਟਰਾਲੀਆਂ ਲੈ ਪਹੁੰਚਣਗੇ ਟਿੱਕਰੀ ਬਾਰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਤਿੰਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ, ਕਿਉਂਕਿ ਕਿਸਾਨਾਂ ਦੇ ਪਰਿਵਾਰਾਂ ਦਾ ਭਵਿੱਖ ਇਨ੍ਹਾਂ ਕਾਨੂੰਨਾਂ ਨਾਲ ਜੁੜਿਆ ਹੈ।

Abhay Chautala

ਚੰਡੀਗੜ੍ਹ: ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ, ਮੀਟਿੰਗ ਬੇਸਿੱਟਾ ਤੋਂ ਬਾਅਦ ਹੁਣ ਕਿਸਾਨ ਟਰੈਕਟਰ ਟਰਾਲੀਆਂ ਮਾਰਚ ਕੱਢਣਗੇ। ਇਸ ਦੇ ਚਲਦੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਕਿਸਾਨਾਂ ਦੀ ਹਿਮਾਇਤ ਵਿਚ ਅੱਗੇ ਆਏ ਹਨ।  ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ 500 ਟਰੈਕਟਰ-ਟਰਾਲੀਆਂ ਲੈ ਕੇ ਟਿੱਕਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ਲਈ ਪਹੁੰਚਣਗੇ। 

ਇਸ ਤੋਂ ਬਾਅਦ ਚੌਟਾਲਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਵਧੇਰੇ ਕਮੇਟੀਆਂ ਬਣਾ ਕੇ ਦਿੱਲੀ ਸਰਹੱਦ ਤਕ ਪਹੁੰਚਣ ਲਈ ਅੰਦੋਲਨਕਾਰੀ ਕਿਸਾਨਾਂ ਦਾ ਵੱਧ ਤੋਂ ਵੱਧ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਿੱਚ ਲੰਮਾ ਸਮਾਂ ਲਾ ਕੇ ਕੇਂਦਰ ਸਰਕਾਰ ਉਲਝਣ ਪੈਦਾ ਕਰਨਾ ਚਾਹੁੰਦੀ ਹੈ, ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਚੌਟਾਲਾ ਨੇ ਪਾਰਟੀ ਦੇ ਅਧਿਕਾਰੀਆਂ ਤੇ ਕਾਰਕੁਨਾਂ ਨੂੰ ਕਿਹਾ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ, ਕਿਉਂਕਿ ਕਿਸਾਨਾਂ ਦੇ ਪਰਿਵਾਰਾਂ ਦਾ ਭਵਿੱਖ ਇਨ੍ਹਾਂ ਕਾਨੂੰਨਾਂ ਨਾਲ ਜੁੜਿਆ ਹੈ।

ਉਨ੍ਹਾਂ ਕਿਹਾ ਕਿ ਤੈਅ ਪ੍ਰੋਗਰਾਮ ਮੁਤਾਬਕ ਭਵਦੀਨ ਟੋਲ ਪਲਾਜ਼ਾ ਤੋਂ ਸੱਤ ਜਨਵਰੀ ਨੂੰ ਸਵੇਰੇ 10 ਵਜੇ 500 ਟਰੈਕਟਰ-ਟਰਾਲੀਆਂ ਨਾਲ ਟਿੱਕਰੀ ਬਾਰਡਰ 'ਤੇ ਹੱਲਾ ਬੋਲਿਆ ਜਾਵੇਗਾ। ਟਿੱਕਰੀ ਸਰਹੱਦ 'ਤੇ ਸਥਿਤ ਸਿਰਸਾ ਦੇ ਵਸਨੀਕਾਂ ਦੀ ਰਿਹਾਇਸ਼ ਦਾ ਪ੍ਰਬੰਧ ਖੁਦ ਚੌਟਾਲਾ ਵੱਲੋਂ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।