ਭੁਪੇਸ਼ ਬਘੇਲ ਦਾ PM 'ਤੇ ਤੰਜ਼, ਰੈਲੀ 'ਚ ਲੋਕ ਨਹੀਂ ਸੀ ਫਿਰ ਕੁਰਸੀਆਂ ਨੂੰ ਭਾਸ਼ਣ ਦੇਣ ਗਏ ਸੀ ਮੋਦੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਤੋਂ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਨਹੀਂ ਹੋ ਰਿਹਾ ਬਰਦਾਸ਼ਤ - ਭੁਪੇਸ਼ ਬਘੇਲ

Bhupesh Baghel

 

ਰਾਏਪੁਰ - ਪੰਜਾਬ 'ਚ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਢਿੱਲ ਤੋਂ ਬਾਅਦ ਪੰਜਾਬ ਦੇ ਸੀ.ਐੱਮ ਚਰਨਜੀਤ ਸਿੰਘ ਚੰਨੀ ਭਾਜਪਾ ਦੇ ਨਿਸ਼ਾਨੇ 'ਤੇ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਚੰਨੀ ਦੇ ਹੱਕ 'ਚ ਆਏ ਹਨ। ਰਾਏਪੁਰ ਦੇ ਸ਼ੰਕਰ ਨਗਰ 'ਚ ਵੀਰਵਾਰ ਨੂੰ ਛੱਤੀਸਗੜ੍ਹ ਕਾਂਗਰਸ ਦੇ ਸੂਬਾ ਹੈੱਡਕੁਆਰਟਰ ਰਾਜੀਵ ਭਵਨ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਵਾਲ ਉਠਾਇਆ ਕਿ ਕੀ ਪ੍ਰਧਾਨ ਮੰਤਰੀ ਦਫਤਰ ਨੇ ਪ੍ਰਧਾਨ ਮੰਤਰੀ ਦੀ ਇੰਨੀ ਵੱਡੀ ਬੈਠਕ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਨਹੀਂ ਲਈ ਸੀ?

ਸਵਾਲ ਪੁੱਛਦਿਆਂ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਚਾਨਕ ਸੜਕ ਰਾਂਹੀ ਚਲੇ ਗਏ, ਕੀ ਇਹ ਆਈਬੀ, ਸੀਬੀਆਈ ਅਤੇ ਹੋਰ ਏਜੰਸੀਆਂ ਦੀ ਨਾਕਾਮੀ ਨਹੀਂ ਹੈ। ਭੁਪੇਸ਼ ਬਘੇਲ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਮੁੱਖ ਗੱਲ ਇਹ ਸੀ ਕਿ ਪੰਜਾਬ 'ਚ ਆਯੋਜਿਤ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਕੋਈ ਭੀੜ ਨਹੀਂ ਸੀ, ਕਿਉਂਕਿ ਪੂਰੇ ਪੰਜਾਬ 'ਚ ਪ੍ਰਧਾਨ ਮੰਤਰੀ ਦੇ ਖਿਲਾਫ਼ ਮਾਹੌਲ ਬਣਿਆ ਹੋਇਆ ਹੈ, ਪਰ ਫਿਰ ਵੀ ਉਹ ਵਾਪਿਸ ਪਰਤੇ ਅਤੇ ਸੀ.ਐੱਮ ਚੰਨੀ ਦਾ ਧੰਨਵਾਦ ਕਰਨ ਵਰਗੇ ਬਿਆਨ ਦੇ ਦਿੱਤੇ। 

''ਬਠਿੰਡਾ ਵਾਪਸ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕਿ ਮੈਂ ਸਹੀ ਸਲਾਮਤ ਵਾਪਸ ਪਰਤਿਆ, ਇਸ ਲਈ ਧੰਨਵਾਦ। ਕੀ ਪੀਐੱਮ ਦੀ ਕਾਰ 'ਤੇ ਪਥਰਾਅ ਕੀਤਾ ਗਿਆ, ਕੀ ਤੁਹਾਨੂੰ ਕਾਲੇ ਝੰਡੇ ਦਿਖਾਏ ਗਏ? ਅਜਿਹੀ ਕਿਹੜੀ ਘਟਨਾ ਵਾਪਰੀ ਕਿ ਤੁਹਾਨੂੰ ਇਹ ਬਿਆਨ ਦੇਣ ਦੀ ਲੋੜ ਪਈ, ਇਸ ਦਾ ਮਤਲਬ ਹੈ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ। ਇਹ ਸਭ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਗਈ ਸੀ, ਚੁਣੀ ਹੋਈ ਸਰਕਾਰ ਨੂੰ ਕਿਵੇਂ ਬੇਦਖਲ ਕੀਤਾ ਜਾ ਸਕਦਾ ਹੈ, ਇਸ ਲਈ ਸਾਜ਼ਿਸ਼ ਰਚੀ ਗਈ ਸੀ। ਕੁਰਸੀਆਂ ਖਾਲੀ ਸਨ, ਫਿਰ ਪੀਐੱਮ ਉੱਥੇ ਕਿਉਂ ਜਾ ਰਹੇ ਸੀ?। 

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਅਸਲ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਤੋਂ ਪੰਜਾਬ ਵਿਚ ਇਕ ਦਲਿਤ ਮੁੱਖ ਮੰਤਰੀ ਬਰਦਾਸ਼ਤ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚੋਂ ਉਹਨਾਂ ਦਾ ਸਫਾਇਆ ਹੋਣ ਵਾਲਾ ਹੈ ਇਸ ਲਈ ਉਹ ਸੌੜੀ ਰਾਜਨੀਤੀ ਕਰ ਰਹੇ ਹਨ। 
ਉਨ੍ਹਾਂ ਅੱਗੇ ਕਿਹਾ ਕਿ ਛੱਤੀਸਗੜ੍ਹ ਵਿਚ ਸੁਰੱਖਿਆ ਦੀ ਘਾਟ ਕਾਰਨ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਝੀਰਮ ਘਾਟੀ ਨਕਸਲੀ ਹਮਲੇ ਵਿਚ ਕਾਂਗਰਸ ਦੀ ਇੱਕ ਪੂਰੀ ਪੀੜ੍ਹੀ ਤਬਾਹ ਹੋ ਗਈ ਸੀ।

ਜਿੱਥੇ ਸੁਰੱਖਿਆ ਦਿੱਤੀ ਜਾਣੀ ਸੀ, ਉੱਥੇ ਸੁਰੱਖਿਆ ਨਹੀਂ ਦਿੱਤੀ ਗਈ, ਜਦਕਿ ਪੰਜਾਬ 'ਚ ਅਜਿਹਾ ਕੁਝ ਨਹੀਂ ਹੋਇਆ, ਫਿਰ ਵੀ ਭਾਜਪਾ ਸੋਸ਼ਲ ਮੀਡੀਆ 'ਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸੁਰੱਖਿਆ ਤਾਂ ਸਿਰਫ਼ ਇਕ ਬਹਾਨਾ ਹੈ ਪਰ ਅਸਲ ਵਿਚ ਪੀਐੱਮ ਮੋਦੀ ਅਪਣੀ ਰਾਜਨੀਤੀ ਚਮਕਾਉਣ ਲਈ ਪੰਜਾਬ ਗਏ ਸਨ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪੀਐਮ ਦੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਪੀਐਮ ਦੀ ਫੇਰੀ ਅਤੇ ਰੂਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਾਰ-ਵਾਰ ਭੰਬਲਭੂਸੇ ਵਿਚ ਪਾਇਆ ਗਿਆ, ਉਹ ਇਹ ਸਭ ਹਮਦਰਦੀ ਹਾਸਲ ਕਰਨ ਲਈ ਕਰ ਰਹੇ ਹਨ ਕਿਉਂਕਿ ਚੋਣਾਂ ਸਿਰ 'ਤੇ ਹਨ। 

ਸੀਐਮ ਬਘੇਲ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਉਸ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਉਸ ਨਾਲ ਜੁੜੀਆਂ ਹੋਈਆਂ ਹਨ, ਕਿਉਂਕਿ ਪਾਰਟੀ ਬਾਅਦ ਵਿਚ ਹੈ, ਦੇਸ਼ ਸਭ ਤੋਂ ਪਹਿਲਾਂ ਆਉਂਦਾ ਹੈ। ਬਘੇਲ ਨੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਪਾਕਿਸਤਾਨ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਦੂਰ ਪੀਐਮ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਇੰਨਾ ਵੱਡਾ ਜੋਖਮ ਕਿਉਂ ਉਠਾਇਆ? ਸਮੇਂ ਸਿਰ ਸੂਚਨਾ ਨਾ ਦੇਣ 'ਤੇ IB ਖਿਲਾਫ ਕੀ ਕਾਰਵਾਈ ਹੋਵੇਗੀ?