PM ਦੀ ਸੁਰੱਖਿਆ 'ਚ ਪਹਿਲਾਂ ਵੀ 4 ਵਾਰ ਹੋਈ ਕੁਤਾਹੀ! ਦੇਖੋ ਲਿਸਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਤਿੰਨ ਦਿਨਾਂ ਵਿਚ ਆਪਣੀ ਰਿਪੋਰਟ ਸੌਂਪੇਗੀ।

Narendra Modi

 

ਨਵੀਂ ਦਿੱਲੀ - 5 ਜਨਵਰੀ ਨੂੰ ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ ਹੋਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਨੇੜੇ ਕੁਝ ਪ੍ਰਦਰਸ਼ਨਕਾਰੀ ਰਸਤੇ ਵਿਚ ਆ ਗਏ, ਜਿਸ ਕਾਰਨ ਪ੍ਰਧਾਨ ਮੰਤਰੀ ਦਾ ਕਾਫ਼ਲਾ 20 ਮਿੰਟ ਤੱਕ ਫਲਾਈਓਵਰ ’ਤੇ ਰੁਕਿਆ ਰਿਹਾ। ਇਸ ਤੋਂ ਬਾਅਦ ਪੀਐਮ ਨੇ ਪੰਜਾਬ ਦੌਰਾ ਰੱਦ ਕਰ ਦਿੱਤਾ।ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਪੀਐਮ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਤਿੰਨ ਦਿਨਾਂ ਵਿਚ ਆਪਣੀ ਰਿਪੋਰਟ ਸੌਂਪੇਗੀ।

ਪੀਐੱਮ ਦੀ ਸੁਰੱਖਿਆ ਵਿਚ ਪਹਿਲਾਂ ਵੀ ਚਾਰ ਵਾਰ ਹੋਈ ਕੁਤਾਹੀ 
2 ਫਰਵਰੀ  2019: ਸੁਰੱਖਿਆ ਦੀ ਉਲੰਘਣਾ ਤੋਂ ਬਾਅਦ ਭਾਸ਼ਣ ਨੂੰ ਛੋਟਾ ਕਰਨਾ ਪਿਆ 
ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੇ ਅਸ਼ੋਕਨਗਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਹਫੜਾ-ਦਫੜੀ ਮੱਚ ਗਈ ਅਤੇ ਗੰਭੀਰ ਸਥਿਤੀ ਬਣ ਗਈ। ਬੈਰੀਕੇਡ ਤੋੜ ਕੇ ਭੀੜ ਸਟੇਜ ਵੱਲ ਵਧਣ ਲੱਗੀ। ਇਸ ਤੋਂ ਬਾਅਦ ਪੀਐਮ ਮੋਦੀ ਨੇ 20 ਮਿੰਟਾਂ ਵਿਚ ਆਪਣਾ ਭਾਸ਼ਣ ਖ਼ਤਮ ਕੀਤਾ ਅਤੇ ਐਸਪੀਜੀ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਭੀੜ 'ਚ ਮਚੀ ਭਗਦੜ ਦੌਰਾਨ ਕਈ ਲੋਕ ਹੇਠਾਂ ਡਿੱਗ ਕੇ ਜ਼ਖਮੀ ਹੋ ਗਏ। ਇਸ ਤੋਂ ਬਾਅਦ ਦੂਜੀ ਰੈਲੀ ਵਿਚ ਪੀਐਮ ਮੋਦੀ ਨੇ ਕਿਹਾ ਕਿ ਮੈਂ ਲੋਕਾਂ ਦੇ ਪਿਆਰ ਤੋਂ ਖੁਸ਼ ਹਾਂ, ਪਰ ਉਨ੍ਹਾਂ ਨੂੰ ਸੰਜਮ ਰੱਖਣਾ ਚਾਹੀਦਾ ਹੈ।

26 ਮਈ 2018: SPG ਸੁਰੱਖਿਆ ਦੇਖਦੀ ਰਹਿ ਗਈ ਆਦਮੀ ਪੀਐੱਮ ਕੋਲ ਪਹੁੰਚ ਗਿਆ 
ਵਿਸ਼ਵ ਭਾਰਤੀ ਕਨਵੋਕੇਸ਼ਨ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਹੋਈ ਸੀ। ਨਾਦੀਆ ਦਾ ਇੱਕ ਨੌਜਵਾਨ ਐਸਪੀਜੀ ਸੁਰੱਖਿਆ ਵਿਚੋਂ ਲੰਘਦਾ ਹੋਇਆ ਸਿੱਧਾ ਪੀਐਮ ਮੋਦੀ ਕੋਲ ਜਾ ਪਹੁੰਚਿਆ। ਜਦੋਂ ਤੱਕ ਗਾਰਡ ਉਸ ਨੂੰ ਫੜ ਪਾਉਂਦਾ ਤਦ ਤੱਕ ਉਹ ਪੀਐੱਮ ਮੋਦੀ ਕੋਲ ਪਹੁੰਚ ਚੁੱਕਾ ਸੀ ਤੇ ਉਹਨਾਂ ਦੇ ਪੈਰ ਛੂਹ ਚੁੱਕਾ ਸੀ। ਪੀਐਮ ਮੋਦੀ ਪਹਿਲਾਂ ਤਾਂ ਹੈਰਾਨ ਹੋਏ, ਫਿਰ ਸਹਿਜ ਹੋ ਗਏ। ਸਾਰੀ ਘਟਨਾ ਇੰਨੀ ਜਲਦ ਵਾਪਰੀ ਕਿ ਪੀਐਮ ਦੇ ਨਾਲ ਆਏ ਵਾਈਸ ਚਾਂਸਲਰ ਸਬੁਜਕਲੀ ਸੇਨ ਨੂੰ ਵੀ ਪਤਾ ਨਹੀਂ ਲੱਗਾ। ਪੁਲਿਸ ਨੌਜਵਾਨ ਨੂੰ ਫੜ ਕੇ ਪੁੱਛਗਿੱਛ ਲਈ ਥਾਣੇ ਲੈ ਗਈ। 
 

25 ਦਸੰਬਰ 2017: ਪੀਐੱਮ ਮੋਦੀ ਦਾ ਕਾਫਿਲ ਭੁੱਲਿਆ ਰਸਤਾ 
ਪੀਐਮ ਮੋਦੀ 25 ਦਸੰਬਰ 2017 ਨੂੰ ਨੋਇਡਾ ਦੌਰੇ 'ਤੇ ਸਨ। ਉਹਨਾਂ ਦੇ ਕਾਫ਼ਲੇ ਦੀ ਅਗਵਾਈ ਕਰ ਰਹੇ ਦੋ ਪੁਲਿਸ ਵਾਲੇ ਗਲਤ ਰਸਤੇ ਪੈ ਗਏ। ਇਸ ਕਾਰਨ ਪੀਐਮ ਮੋਦੀ ਦਾ ਕਾਫਲਾ ਦੋ ਮਿੰਟ ਤੱਕ ਮਹਾਮਾਯਾ ਫਲਾਈਓਵਰ ਦੀ ਆਵਾਜਾਈ ਵਿਚ ਫਸਿਆ ਰਿਹਾ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਇੱਕ ਵੱਡੀ ਕਮੀ ਸੀ। ਐਸਐਸਪੀ ਲਵ ਕੁਮਾਰ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਸੀਐਮ ਯੋਗੀ ਨੇ ਇਸ ਮਾਮਲੇ 'ਤੇ ਵਿਸਥਾਰਤ ਰਿਪੋਰਟ ਤਲਬ ਕੀਤੀ ਸੀ। ਮੋਦੀ ਨੋਇਡਾ ਵਿਚ ਕਾਲਕਾਜੀ ਮੈਟਰੋ ਲਾਈਨ, ਬੋਟੈਨੀਕਲ ਗਾਰਡਨ ਦਾ ਉਦਘਾਟਨ ਕਰਨ ਗਏ ਸਨ।
 

7 ਨਵੰਬਰ 2014: ਵਿਅਕਤੀ ਤਿੰਨ-ਪੱਧਰੀ ਸੁਰੱਖਿਆ ਨੂੰ ਤੋੜ ਕੇ ਪ੍ਰਧਾਨ ਮੰਤਰੀ ਤੱਕ ਪਹੁੰਚਿਆ
ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਵਾਨਖੇੜੇ ਸਟੇਡੀਅਮ 'ਚ ਸਹੁੰ ਚੁੱਕ ਰਹੇ ਸਨ। ਪੀਐਮ ਮੋਦੀ, ਅਮਿਤ ਸ਼ਾਹ ਸਮੇਤ ਕਈ ਵੀਵੀਆਈਪੀ ਮੌਜੂਦ ਸਨ। ਇਸ ਦੌਰਾਨ ਅਨਿਲ ਮਿਸ਼ਰਾ ਨਾਂ ਦਾ ਵਿਅਕਤੀ ਤਿੰਨ-ਪੱਧਰੀ ਸੁਰੱਖਿਆ ਨੂੰ ਤੋੜ ਕੇ ਪੀਐਮ ਮੋਦੀ ਦੇ ਕੋਲ ਸਟੇਜ ਤੱਕ ਪਹੁੰਚ ਗਿਆ। ਉਸ ਕੋਲ ਨਾ ਤਾਂ ਕੋਈ ਪਛਾਣ ਪੱਤਰ ਸੀ ਅਤੇ ਨਾ ਹੀ ਕੋਈ ਪਾਸ। ਅਨਿਲ ਮਿਸ਼ਰਾ ਨੇ ਅਮਿਤ ਸ਼ਾਹ, ਫੜਨਵੀਸ ਅਤੇ ਊਧਵ ਠਾਕਰੇ ਨਾਲ ਸੈਲਫੀ ਵੀ ਲਈ ਸੀ। ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। 

ਪੀਐਮ ਖੁਦ ਵੀ ਕਈ ਵਾਰ ਪ੍ਰੋਟੋਕੋਲ ਤੋੜ ਚੁੱਕੇ ਹਨ
ਪੀਐਮ ਮੋਦੀ ਖੁਦ ਕਈ ਵਾਰ ਸੁਰੱਖਿਆ ਪ੍ਰੋਟੋਕੋਲ ਤੋੜ ਚੁੱਤੇ ਹਨ ਅਤੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ 'ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਣਸੀ ਪਹੁੰਚੇ ਪੀਐੱਮ ਮੋਦੀ ਨੇ ਕਈ ਥਾਵਾਂ 'ਤੇ ਪ੍ਰੋਟੋਕੋਲ ਤੋੜਿਆ। ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਵਿਚ ਵੀ ਪੀਐਮ ਮੋਦੀ ਕਈ ਵਾਰ ਪ੍ਰੋਟੋਕੋਲ ਤੋੜ ਚੁੱਕੇ ਹਨ। 2019 'ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦਿੱਲੀ ਏਅਰਪੋਰਟ 'ਤੇ ਜੱਫੀ ਪਾਉਣ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ।
ਦੇਸ਼ ਦੇ ਪ੍ਰਦਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ ਐਸਪੀਜੀਕੋਲ ਹੁੰਦੀ ਹੈ। ਪ੍ਰਧਾਨ ਮੰਤਰੀ ਦੇ ਆਲੇ-ਦੁਆਲੇ ਪਹਿਲਾ ਸੁਰੱਖਿਆ ਘੇਰਾ SPG ਜਵਾਨਾਂ ਦਾ ਹੀ ਹੁੰਦਾ ਹੈ। 
ਪੀਐੱਮ ਦੀ ਸੁਰੱਖਿਆ 'ਚ ਲੱਗੇ ਇਨ੍ਹਾਂ ਸੈਨਿਕਾਂ ਨੂੰ ਅਮਰੀਕਾ ਦੀ ਸੀਕ੍ਰੇਟ ਸਰਵਿਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕੋਲ ਐਮਐਨਐਫ-2000 ਅਸਾਲਟ ਰਾਈਫਲ, ਆਟੋਮੈਟਿਕ ਬੰਦੂਕ ਅਤੇ 17 ਐਮ ਰਿਵਾਲਵਰ ਵਰਗੇ ਆਧੁਨਿਕ ਹਥਿਆਰ ਹੁੰਦੇ ਹਨ।