ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੂੰ ਖਰੜਾ ਭੇਜੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਨੂੰ ਖਰੜਾ ਭੇਜੇਗਾ......

Gurudwara Kartarpur Sahib, Pakistan

ਨਵੀਂ ਦਿੱਲੀ : ਭਾਰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਨੂੰ ਖਰੜਾ ਭੇਜੇਗਾ। ਇਸ ਲਾਂਘੇ ਜ਼ਰੀਏ ਪਾਕਿਸਤਾਨ ਦੇ ਇਤਿਹਾਸਕ ਗੁਰਦਵਾਰਾ ਦਰਬਾਰ ਸਾਹਿਬ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ। ਅਧਿਕਾਰੀਆਂ ਨੇ ਦਸਿਆ ਕਿ ਇਹ ਫ਼ੈਸਲਾ ਉੱਚ ਪਧਰੀ ਬੈਠਕ ਵਿਚ ਲਿਆ ਗਿਆ ਹੈ। ਇਹ ਬੈਠਕ ਇਸ ਸਬੰੰਧੀ ਗੱਲਬਾਤ ਕਰਨ ਲਈ ਬੁਲਾਈ ਸੀ ਕਿ ਕਰਤਾਰਪੁਰ ਪ੍ਰਾਜੈਕਅ ਨੁੰ ਤੇਜ਼ੀ ਨਾਲ ਕਿਵੇਂ ਪੂਰਾ ਕੀਤਾ ਜਾਵੇ। ਇਸ ਬੈਠਕ ਦੀ ਪ੍ਰਧਾਨਗੀ ਗ੍ਰਹਿ ਸਕੱਤਰ ਰਾਜੀਵ ਗੋਬਾ ਨੇ ਕੀਤੀ ਸੀ ਜਿਸ ਵਿਚ ਪਾਕਿਸਤਾਨ ਵਿਚ ਭਾਰਤੀ ਸਫ਼ੀਰ ਅਜੇ ਬਿਸਾਰੀਆ,

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਹੋਰਾਂ ਨੇ ਸ਼ਿਰਕਤ ਕੀਤੀ। ਕਰਤਾਰਪੁਰ ਪਾਕਿਸਤਾਨੀ ਪੰਜਾਬ ਦੇ ਨਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਵਿਚ ਪੈਂਦਾ ਹੈ। ਕਰਨ ਅਵਤਾਰ ਸਿੰਘ ਨੇ ਕਈ ਘੰਟੇ ਚੱਲੀ ਬੈਠਕ ਮਗਰੋਂ ਦਸਿਆ, 'ਭਾਰਤ ਇਕ ਮਹੀਨੇ ਅੰਦਰ ਉਸ ਸਮਝੌਤੇ ਦਾ ਖਰੜਾ ਪਾਕਿਸਤਾਨ ਨੂੰ ਭੇਜੇਗਾ ਜਿਸ 'ਤੇ ਕਰਤਾਰਪੁਰ ਲਾਂਘੇ ਲਈ ਹਸਤਾਖਰ ਹੋਣੇ ਹਨ। ਸਾਨੂੰ ਉਮੀਦ ਹੈ ਕਿ ਕਵਾਇਦ ਪੂਰੀ ਹੋ ਜਾਵੇਗੀ।' ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ 'ਜ਼ੀਰੋ ਪੁਆਇੰਟ' ਬਾਰੇ ਪਾਕਿਸਤਾਨ ਨੂੰ ਦੱਸ ਚੁੱਕਾ ਹੈ। ਬੈਠਕ ਵਿਚ ਏਕੀਕ੍ਰਿਤ ਚੌਕੀ ਸਥਾਪਨਾ ਲਈ ਜ਼ਮੀਨ ਪ੍ਰਾਪਤੀ ਬਾਰੇ ਵੀ ਗੱਲਬਾਤ ਹੋਈ। ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਰੋਸਾ ਦਿਤਾ ਕਿ ਦੋਹਾਂ ਪ੍ਰਾਜੈਕਟਾਂ ਲਈ ਮਾਰਚ ਮੱਧ ਤਕ ਜ਼ਮੀਨ ਮੁਹਈਆ ਕਰਾ ਦਿਤੀ ਜਾਵੇਗੀ। (ਏਜੰਸੀ)