ਹੁਣ ਨਹੀਂ ਦੌੜੇਗੀ ਨੈਨੋ, ਜਨਵਰੀ 'ਚ ਨਹੀਂ ਹੋਈ ਵਿਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਤਨ ਟਾਟਾ ਦੀ ਡ੍ਰੀਮ ਕਾਰ ਨੈਨੋ ਦਾ ਸਫਰ ਖਤਮ ਹੋ ਚੁੱਕਾ ਹੈ। ਟਾਟਾ ਮੋਟਰਜ਼ ਨੇ ਜਨਵਰੀ 'ਚ ਇਸ ਛੋਟੀ ਕਾਰ ਦੀ ਇਕ ਵੀ ਯੂਨਿਟ ਦਾ ਉਤਪਾਦਨ ਅਤੇ ਵਿਕਰੀ....

Ratan Tata

ਨਵੀਂ ਦਿੱਲੀ : ਰਤਨ ਟਾਟਾ ਦੀ ਡ੍ਰੀਮ ਕਾਰ ਨੈਨੋ ਦਾ ਸਫਰ ਖਤਮ ਹੋ ਚੁੱਕਾ ਹੈ। ਟਾਟਾ ਮੋਟਰਜ਼ ਨੇ ਜਨਵਰੀ 'ਚ ਇਸ ਛੋਟੀ ਕਾਰ ਦੀ ਇਕ ਵੀ ਯੂਨਿਟ ਦਾ ਉਤਪਾਦਨ ਅਤੇ ਵਿਕਰੀ ਨਹੀਂ ਕੀਤੀ। ਰਤਨ ਟਾਟਾ ਨੇ ਕਦੇ ਇਸ ਨੂੰ ਲੋਕਾਂ ਦੀ ਕਾਰ ਦੇ ਤੌਰ 'ਤੇ ਲਾਂਚ ਕੀਤਾ ਸੀ। ਹਾਲ ਹੀ 'ਚ ਕੰਪਨੀ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਅਪ੍ਰੈਲ 2020 ਤੋਂ ਨੈਨੋ ਦਾ ਨਿਰਮਾਣ ਅਤੇ ਵਿਕਰੀ ਬੰਦ ਹੋ ਜਾਵੇਗਾ ਕਿਉਂਕਿ ਬੀ. ਐੱਸ-6 ਅਤੇ ਅਗਾਮੀ ਸੁਰੱਖਿਆ ਨਿਯਮਾਂ ਨੂੰ ਦੇਖਦੇ ਹੋਏ ਰਤਨ ਟਾਟਾ ਦੀ ਡ੍ਰੀਮ ਕਾਰ 'ਤੇ ਹੋਰ ਨਿਵੇਸ਼ ਦੀ ਯੋਜਨਾ ਨਹੀਂ ਹੈ। ਟਾਟਾ ਮੋਟਰਜ਼ ਵਲੋਂ ਮੰਗਲਵਾਰ ਸਟਾਕਸ ਮਾਰਕੀਟ ਨੂੰ ਦਿਤੀ ਗਈ ਜਾਣਕਾਰੀ ਮੁਤਾਬਕ,

ਇਸ ਸਾਲ ਜਨਵਰੀ 'ਚ ਉਸ ਨੇ ਇਕ ਵੀ ਨੈਨੋ ਨਹੀਂ ਬਣਾਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 83 ਨੈਨੋ ਦਾ ਪ੍ਰਾਡਕਸ਼ਨ ਕੀਤਾ ਸੀ। ਇਸੇ ਤਰ੍ਹਾਂ ਜਨਵਰੀ 2018 'ਚ 62 ਯੂਨਿਟਾਂ ਦੀ ਤੁਲਨਾ 'ਚ ਇਸ ਸਾਲ ਜਨਵਰੀ ਮਹੀਨੇ ਘਰੇਲੂ ਬਾਜ਼ਾਰ 'ਚ ਇਕ ਵੀ ਨੈਨੋ ਦੀ ਵਿਕਰੀ ਨਹੀਂ ਹੋਈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਨੈਨੋ ਦਾ ਨਿਰਮਾਣ ਬੰਦ ਕਰਨ ਦੇ ਸੰਬੰਧ 'ਚ ਉਸ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ। ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਇਸ ਦਾ ਨਿਰਮਾਣ ਹੁੰਦਾ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ 'ਚ ਵੀ ਕੰਪਨੀ ਨੇ ਇਕ ਨੈਨੋ ਦਾ ਨਿਰਮਾਣ ਕੀਤਾ ਸੀ।

ਫਿਰ ਬਾਅਦ 'ਚ ਉਸ ਨੇ ਮਾਰਕੀਟ ਦੀ ਮੰਗ ਦੇ ਅਧਾਰ 'ਤੇ ਨੈਨੋ ਦਾ ਨਿਰਮਾਣ ਜਾਰੀ ਰੱਖਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਨੈਨੋ ਦੇ ਭਵਿੱਖ ਬਾਰੇ ਫੈਸਲਾ ਨਹੀਂ ਕੀਤਾ ਹੈ। ਟਾਟਾ ਹੁਣ ਸਿਰਫ ਗਾਹਕਾਂ ਦੀ ਮੰਗ ਦੇ ਆਧਾਰ 'ਤੇ ਹੀ ਨੈਨੋ ਦਾ ਉਤਪਾਦਨ ਜਾਰੀ ਰੱਖ ਰਹੀ ਹੈ। ਰਤਨ ਟਾਟਾ ਨੇ 2008 'ਚ ਆਟੋ ਐਕਸਪੋ 'ਚ ਨੈਨੋ ਨੂੰ ਪੇਸ਼ ਕੀਤਾ ਸੀ ਅਤੇ ਮਾਰਚ 2009 'ਚ ਇਸ ਨੂੰ ਬਾਜ਼ਾਰ 'ਚ ਲਾਂਚ ਕੀਤਾ ਸੀ।