ਮਨੀ ਲਾਂਡਰਿੰਗ ਕੇਸ: ਈਡੀ ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ
ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ 'ਚ ਰਾਬਰਟ ਵਾਡਰਾ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਦੇ ਨਾਲ ਪਤਨੀ ਪ੍ਰਿਅੰਕਾ ...
ਨਵੀਂ ਦਿੱਲੀ: ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ 'ਚ ਰਾਬਰਟ ਵਾਡਰਾ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਦੇ ਨਾਲ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਸਨ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਜਾਂਚ ਏਜੰਸੀ ਦੇ ਦਫਤਰ 'ਚ ਵਾਡਰਾ ਦੇ ਨਾਲ ਪ੍ਰਿਅੰਕਾ ਵੀ ਪਹੁੰਚੀ। ਵਾਡਰਾ ਦੀ ਪੇਸ਼ੀ ਤੋਂ ਬਾਅਦ ਪ੍ਰਿਅੰਕਾ ਗਾਂਧੀ ਈਡੀ ਦੇ ਦਫਤਰ ਤੋਂ ਪਰਤ ਗਈ।
ਵਾਡਰਾ ਨੂੰ ਦਿੱਲੀ ਦੀ ਪਟਿਆਲਾ ਕੋਰਟ ਤੋਂ 16 ਫਰਵਰੀ ਤੱਕ ਲਈ ਮੱਧਵਰਤੀ ਜ਼ਮਾਨਤ ਮਿਲੀ ਹੋਈ ਹੈ। ਪਿੱਛਲੀ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਨੇ ਕੋਰਟ ਨੂੰ ਭਰੋਸਾ ਦਵਾਇਆ ਸੀ ਕਿ ਵਾਡਰਾ 6 ਫਰਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣਗੇ। ਈਡੀ ਨੇ ਲੰਦਨ ਦੇ ਬਰਾਇੰਸਟਨ ਸਕਵਾਇਰ 'ਚ 19 ਲੱਖ ਪਾਉਂਡ ਦੀ ਇਕ ਜਾਇਦਾਦ ਦੀ ਖਰੀਦ ਨੂੰ ਲੈ ਕੇ ਵਾਡਰਾ ਦੇ ਖਿਲਾਫ ਮਨੀ ਲਾਂਡਰਿੰਗ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵਾਡਰਾ ਦੇ ਸਾਥੀ ਮਨੋਜ ਅਰੋੜਾ ਨੂੰ ਕੋਰਟ ਨੇ 6 ਫਰਵਰੀ ਤੱਕ ਮੱਧਵਰਤੀ ਜ਼ਮਾਨਤ ਦਿਤੀ ਸੀ। ਵਾਡਰਾ ਦੇ ਵਕੀਲ ਨੇ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੂੰ ਗਲਤ ਮੁਕੱਦਮੇ 'ਚ ਫਸਾਇਆ ਜਾ ਰਿਹਾ ਹੈ। ਉਹ ਕਨੂੰਨ ਦੀ ਪਾਲਣ ਕਰਨ ਵਾਲੇ ਨਾਗਰਿਕ ਹਨ। ਉਨ੍ਹਾਂ ਦੇ ਖਿਲਾਫ ਰਾਜਨੀਤਕ ਚਾਲ ਚੱਲੀ ਜਾ ਰਹੀ ਹੈ।
ਈਡੀ ਮੁਤਾਬਕ, ਇਨਕਮ ਟੈਕਸ ਵਿਭਾਗ ਫਰਾਰ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਦੇ ਖਿਲਾਫ ਕਾਲਾ ਧੰਨ ਕਨੂੰਨ ਅਤੇ ਕਰਾਂ ਸੰਬਧੀ ਕਾਨੂੰਨ ਅਧੀਨ ਦਰਜ ਮਾਮਲਿਆਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਇਨਕਮ ਟੈਕਸ ਵਿਭਾਗ ਨੂੰ ਕਿਸੇ ਮਾਮਲੇ 'ਚ ਅਰੋੜਾ ਦੀ ਭੂਮਿਕਾ 'ਤੇ ਵੀ ਸ਼ੱਕ ਹੋਇਆ। ਜਿਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।