ਦੇਸ਼ਭਰ 'ਚ ਕਿਸਾਨਾਂ ਵੱਲੋਂ ਕੀਤੇ ਚੱਕਾ ਜਾਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨ-ਮਜ਼ਦੂਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਔਰਤਾਂ ਵੀ ਸ਼ਾਮਿਲ

CHAKKA JAM

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਹੋਇਆ ਹੈ। ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਵੱਲੋਂ ਚੱਕਾ ਜਾਮ ਹੈ । ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਗਿਆ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਨੂੰ ਨਹੀਂ ਰੋਕਿਆ ਗਿਆ। ਇਹ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਚੱਲ ਰਿਹਾ ਹੈ।

ਵੱਖ ਵੱਖ ਥਾਵਾਂ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ

ਫਤਿਹਾਬਾਦ ਐਨਐਚ -9 ਨੂੰ ਕੀਤਾ ਜਾਮ 
ਫਤਿਹਾਬਾਦ (ਹਰਿਆਣਾ) ਐਨਐਚ -9 ਨੂੰ ਜਾਮ ਕਰ ਦਿੱਤਾ ਗਿਆ ਹੈ। ਪਿੰਡ ਬਡੋਪਾਲ ਦੇ ਡੱਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 'ਤੇ ਕਿਸਾਨਾਂ ਨੇ ਅੱਧ ਵਿਚਕਾਰ ਇੱਕ ਗੱਡੀ ਰੱਖ ਕੇ ਜਾਮ ਲਗਾ ਦਿੱਤਾ ਹੈ। ਸੈਂਕੜੇ ਕਿਸਾਨਾਂ ਨੇ ਇਥੇ ਸੜਕ ਜਾਮ ਕਰ ਦਿੱਤੀ ਹੈ। ਕਿਸਾਨਾਂ ਨੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ
ਜੰਮੂ ਦੇ ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ ਕਰ ਦਿੱਤਾ ਹੈ ਅਤੇ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਕਰਨਾਲ ਵਿੱਚ ਕਿਸਾਨਾਂ ਨੇ 12 ਵਜਦੇ ਹੀ ਨੈਸ਼ਨਲ ਹਾਈਵੇ ਬਸਤਾਰਾ ਟੋਲ ਨੂੰ ਜਾਮ ਕਰ ਦਿੱਤਾ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੈਫਿਕ ਜਾਮ ਹੋਣ ਦੀਆਂ ਖ਼ਬਰਾਂ ਹਨ।

ਸ਼ਾਹਜਹਾਂਪੁਰ ਨੇੜੇ ਰਾਜਮਾਰਗ 'ਤੇ ਕੀਤਾ ਚੱਕਾ ਜਾਮ
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ 'ਤੇ ਕਿਸਾਨਾਂ ਨੇ ਸ਼ਾਹਜਹਾਂਪੁਰ (ਰਾਜਸਥਾਨ-ਹਰਿਆਣਾ) ਸਰਹੱਦ ਨੇੜੇ ਰਾਸ਼ਟਰੀ ਰਾਜਮਾਰਗ'ਤੇ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਦਿੱਤੇ ਦੇਸ਼ ਵਿਆਪੀ 'ਚੱਕਾ ਜਾਮ' ਕਾਲ ਦੇ ਹਿੱਸੇ ਵਜੋਂ ਪਲਵਲ ਨੇੜੇ ਅਠੋਣ ਚੌਕ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ।

ਟਾਂਡਾ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ
ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ 'ਤੇ ਅੱਜ ਬਿਜਲੀ ਘਰ ਚੌਕ ਟਾਂਡਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ 'ਤੇ ਥੋਪੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰੇ।  ਉਨ੍ਹਾਂ ਕਿਹਾ ਕਿ ਜਦ ਤਕ ਕਾਨੂੰਨ ਵਾਪਸ ਨਹੀਂ ਹੁੰਦੇ, ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।

ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਹਾਈਵੇ ਜਾਮ
ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਦਫ਼ਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਆਪਣੇ ਸਮਰਥਕਾਂ ਸਮੇਤ ਹਾਈਵੇ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆ ਚੱਬਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਕਿਸਾਨਾਂ ਦੇ ਧਰਨੇ ਅਤੇ ਚੱਕੇ ਜਾਮ ਜਾਰੀ ਰਹਿਣਗੇ।

ਬਾਘਾ ਪੁਰਾਣਾ ਦੇ ਮੁੱਖ ਲਾਈਟਾਂ ਵਾਲੇ ਚੌਕ 'ਚ ਧਰਨਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਵਲੋਂ ਬਾਘਾ ਪੁਰਾਣਾ ਦੇ ਮੁੱਖ ਲਾਈਟਾਂ ਵਾਲੇ ਚੌਕ 'ਚ ਧਰਨਾ ਦਿੱਤਾ ਗਿਆ। ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਕਿਸਾਨਾਂ ਨੇ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਕੀਤੀ ਠੱਪ
ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇਸ਼ ਭਰ 'ਚ ਤਿੰਨ ਘੰਟੇ ਲਈ ਚੱਕਾ ਜਾਮ ਦੇ ਸੱਦੇ ਤਹਿਤ ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 'ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਇਕੱਠੇ ਹੋਏ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ  ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਹਨ।