ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ਭਰ 'ਚ ਅੱਜ ਕਿਸਾਨਾਂ ਵੱਲੋਂ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ।

farmer

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਅੱਜ ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਚੱਕਾ ਜਾਮ ਕਰਨਗੇ। ਦੂਜੇ ਪਾਸੇ ਹਰਿਆਣਾ ਕਾਂਗਰਸ ਨੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਛੇ ਫ਼ਰਵਰੀ ਨੂੰ ਦੇਸ਼ ਭਰ ਵਿੱਚ ਕੀਤੇ ਜਾ ਰਹੇ ਚੱਕਾ ਜਾਮ ਦੇ ਸਮਰਥਨ ਦਾ ਐਲਾਨ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। 

ਸੰਯੁਕਤ ਕਿਸਾਨ ਮੋਰਚੇ ਨੇ 6 ਫ਼ਰਵਰੀ ਦੇ ਚੱਕਾ ਜਾਮ ਬਾਰੇ ਦਾਅਵਾ ਕੀਤਾ ਹੈ ਕਿ ਇਸ ਦੀਆਂ ਤਿਆਰੀਆਂ ਮੁਕੰਮਲ ਹਨ ਤੇ ਹਰ ਵਰਗ ਵਲੋਂ ਇਸ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਮੋਰਚੇ ਦੀ 7 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਪੰਜਾਬ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਚੱਕਾ ਜਾਮ ਐਕਸ਼ਨ ਲਈ ਅੰਦੋਲਨਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ 3 ਘੰਟੇ ਦਾ ਐਕਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। 12 ਵਜੇ ਤੋਂ 3 ਵਜੇ ਤੱਕ ਕੌਮੀ ਤੇ ਰਾਜ ਮਾਰਗ ਪੂਰੀ ਤਰ੍ਹਾਂ ਜਾਮ ਰਹਿਣਗੇ।

3 ਵਜੇ ਚੱਕਾ ਜਾਮ ਐਕਸ਼ਨ ਦੀ ਸਮਾਪਤੀ ਕਿਸਾਨਾਂ ਦੀ ਏਕਤਾ ਦਾ ਸੁਨੇਹਾ ਦਿੰਦਿਆ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ਕੀਤੀ ਜਾਵੇਗੀ। ਐਂਬੂਲੈਂਸ ਤੇ ਸਕੂਲ ਬੱਸਾਂ ਨੂੰ ਜਾਮ ਤੋਂ ਛੋਟ ਦਿੱਤੀ ਗਈ ਹੈ। ਐਨਸੀਆਰ ਦਿੱਲੀ ਨੂੰ ਚੱਕਾ ਜਾਮ ਦੇ ਪ੍ਰੋਗਰਾਮ ਤੋਂ ਇਸ ਲਈ ਛੋਟ ਦਿੱਤੀ ਗਈ ਹੈ ਕਿ ਇੱਥੇ ਪਹਿਲਾਂ ਹੀ ਹੱਦਾਂ ’ਤੇ ਪੱਕੇ ਮੋਰਚਿਆਂ ਕਾਰਨ ਜਾਮ ਵਰਗੀ ਹੀ ਸਥਿਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਚੱਕਾ ਜਾਮ ਨੂੰ ਰੋਡਵੇਜ਼ ਮੁਲਾਜ਼ਮਾਂ ਦੀਆਂ ਯੂਨੀਅਨਾਂ ਨੇ ਵੀ ਸਮਰਥਨ ਦਿੱਤਾ ਹੈ। ਦੇਸ਼ ਦੀਆਂ ਟਰੇਡ ਯੂਨੀਅਨਾਂ ਤੇ ਵਿਰੋਧੀ ਧਿਰਾਂ ਨਾਲ ਸਬੰਧਤ ਸਿਆਸੀ ਦਲਾਂ ਦੀ ਵੀ ਹਮਾਇਤ ਪ੍ਰਾਪਤ ਹੈ। ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਕਈ ਦਿਨ ਤੋਂ ਚੱਕਾ ਜਾਮ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਹਨ। ਜਿਸ ਤਰ੍ਹਾਂ ਦਾ ਸਮਰਥਨ ਹਰ ਵਰਗ ਵਲੋਂ ਮਿਲ ਰਿਹਾ ਹੈ, ਉਸ ਕਾਰਨ ਵਿਸ਼ੇਸ਼ ਤੌਰ ’ਤੇ ਪੰਜਾਬ, ਹਰਿਆਣਾ ਵਿਚ ਤਾਂ ਜਾਮ ਦੇ 3 ਘੰਟੇ ਦਾ ਮਾਹੌਲ ਬੰਦ ਵਰਗਾ ਹੀ ਰਹੇਗਾ।