Delhi News: ਆਤਿਸ਼ੀ ਵਿਰੁਧ ਮਾਣਹਾਨੀ ਮਾਮਲੇ ਦੀ 19 ਫ਼ਰਵਰੀ ਨੂੰ ਹੋਵੇਗੀ ਸੁਣਵਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ 16 ਫ਼ਰਵਰੀ ਨੂੰ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕਾਂਗਰਸ ਆਗੂ ਵਲੋਂ ਦਾਇਰ ਸ਼ਿਕਾਇਤ ’ਤੇ ਨੋਟਿਸ ਜਾਰੀ ਕੀਤਾ ਸੀ

Defamation case against Atishi to be heard on February 19

 

Delhi News: ਦਿੱਲੀ ਦੀ ਇਕ ਅਦਾਲਤ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਵਲੋਂ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ (ਆਪ) ਆਗੂ ਸੰਜੇ ਸਿੰਘ ਵਿਰੁਧ ਦਾਇਰ ਅਪਰਾਧਕ ਸ਼ਿਕਾਇਤ ਮਾਮਲੇ ’ਚ 19 ਫ਼ਰਵਰੀ ਨੂੰ ਸੁਣਵਾਈ ਕਰੇਗੀ। 

ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਪਾਰਸ ਦਲਾਲ ਨੂੰ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨੀ ਸੀ, ਪਰ ਉਨ੍ਹਾਂ ਨੇ ‘ਆਪ’ ਆਗੂਆਂ ਦੇ ਵਕੀਲ ਦੀ ਅਪੀਲ ’ਤੇ ਸੁਣਵਾਈ ਟਾਲ ਦਿਤੀ। 

ਅਦਾਲਤ ਨੇ 16 ਫ਼ਰਵਰੀ ਨੂੰ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕਾਂਗਰਸ ਆਗੂ ਵਲੋਂ ਦਾਇਰ ਸ਼ਿਕਾਇਤ ’ਤੇ ਨੋਟਿਸ ਜਾਰੀ ਕੀਤਾ ਸੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ‘ਆਪ’ ਆਗੂਆਂ ਨੇ ‘ਜਾਣਬੁਝ’ ਕੇ ਦੀਕਸ਼ਿਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। 

ਇਹ ਮੁੱਦਾ ਆਤਿਸ਼ੀ ਅਦੇ ਸੰਜੇ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਨਾਲ ਸਬੰਧਤ ਹੈ, ਜਿਸ ’ਚ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਦੀਕਸ਼ਿਤ ਨੇ ਨਾ ਸਿਰਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕਰੋੜਾਂ ਰੁਪਏ ਲਏ ਬਲਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੇ ‘ਆਪ’ ਨੂੰ ਹਰਾਉਣ ਲਈ ਭਾਜਪਾ ਨਾਲ ਗੰਢਤੁਪ ਵੀ ਕੀਤਾ। ਦੀਕਸ਼ਿਤ ਨੇ ਨਵੀਂ ਦਿੱਲੀ ਚੋਣ ਖੇਤਰ ਤੋਂ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁਧ ਮੌਜੂਦਾ ਵਿਧਾਨ ਸਭਾ ਚੋਣ ਲੜੀ ਹੈ।