Jammu Kashmir News: ਜੰਮੂ-ਕਸ਼ਮੀਰ ’ਚ ਨਾਕਾ ਪਾਰ ਕਰਦੇ ਸਮੇਂ ਫ਼ੌਜ ਦੀ ਗੋਲੀਬਾਰੀ ’ਚ ਟਰੱਕ ਡਰਾਈਵਰ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਮਗਰੋਂ ਬੁਧਵਾਰ ਨੂੰ ਸੰਗਰਾਮਾ ਚੌਕ ’ਤੇ ਨਾਕਾ ਲਗਾਇਆ ਗਿਆ ਸੀ।

Truck driver killed in army firing while crossing checkpoint in Jammu and Kashmir

 

Jammu Kashmir News: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਇਕ ਟਰੱਕ ਡਰਾਈਵਰ ਦੀ ਫ਼ੌਜ ਦੀ ਗੋਲੀਬਾਰੀ ’ਚ ਮੌਤ ਹੋ ਗਈ। ਦੋਸ਼ ਹੈ ਕਿ ਟਰੱਕ ਡਰਾਈਵਰ ਨੇ ਵਾਰ-ਵਾਰ ਚੇਤਾਵਨੀ ਦੇ ਬਾਵਜੂਦ ਅਪਣੀ ਗੱਡੀ ਰੋਕਣ ਤੋਂ ਇਨਕਾਰ ਕਰ ਦਿਤਾ ਅਤੇ ਨਾਕੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। 

ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਮਗਰੋਂ ਬੁਧਵਾਰ ਨੂੰ ਸੰਗਰਾਮਾ ਚੌਕ ’ਤੇ ਨਾਕਾ ਲਗਾਇਆ ਗਿਆ ਸੀ। ਫ਼ੌਜ ਦੀ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਤਿਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਇਕ ਵਿਸ਼ੇਸ਼ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਪੰਜ ਫ਼ਰਵਰੀ, 2025 ਨੂੰ ਸੁਰਿਖਆ ਬਲਾਂ ਵਲੋਂ ਇਕ ਮੋਬਾਈਲ ਗੱਡੀ ਨਾਕਾ (ਐਮ.ਵੀ.ਸੀ.ਪੀ.) ਲਾਇਆ ਗਿਆ ਸੀ।

ਇਕ ਸ਼ੱਕੀ ਗ਼ੈਰਫ਼ੌਜੀ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਆਉਂਦਿਆਂ ਵੇਖਿਆ ਗਿਆ। ਵਾਰ-ਵਾਰ ਚੇਤਾਵਨੀ ਦੇ ਬਾਵਜੂਦ ਟਰੱਕ ਨਹੀਂ ਰੁਕਿਆ, ਬਲਕਿ ਚੈੱਕਪੋਸਟ ਨੂੰ ਪਾਰ ਕਰਦੇ ਸਮੇਂ ਡਰਾਈਵਰ ਨੇ ਉਸ ਦੀ ਰਫ਼ਤਾਰ ਹੋਰ ਵਧਾ ਦਿਤੀ।’’

ਪੋਸਟ ’ਚ ਕਿਹਾ ਗਿਆ, ‘‘ਚੌਕਸ ਫ਼ੌਜੀਆਂ ਨੇ 23 ਕਿਲੋਮੀਟਰ ਤੋਂ ਵੱਧ ਸਮੇਂ ਤਕ ਗੱਡੀ ਦਾ ਪਿੱਛਾ ਕੀਤਾ। ਟਾਇਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਗੱਡੀ ਸੰਗਰਾਮਾ ਚੌਕ ’ਤੇ ਰੁਕ ਗਈ।’’

ਪੋਸਟ ਅਨੁਸਾਰ, ‘‘ਵਿਸਤ੍ਰਿਤ ਤਲਾਸ਼ੀ ਤੋਂ ਬਾਅਦ ਜ਼ਖ਼ਮੀ ਡਰਾਈਵਰ ਨੂੰ ਸੁਰੱਖਿਆ ਬਲ ਤੁਰਤ ਸਰਕਾਰੀ ਮੈਡੀਕਲ ਕਾਲਜ ਬਾਰਾਮੂਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ।’’ ਫ਼ੌਜ ਨੇ ਕਿਹਾ ਕਿ ਸਾਮਾਨ ਨਾਲ ਲੱਦੇ ਟਰੱਕ ਨੂੰ ਨੇੜਲੇ ਥਾਣੇ ’ਚ ਭੇਜ ਦਿਤਾ ਗਿਆ ਹੈ। ਵਿਸਤ੍ਰਿਤ ਤਲਾਸ਼ੀ ਜਾਰੀ ਹੈ ਅਤੇ ਸ਼ੱਕੀ ਦੇ ਪਿਛਲੇ ਰੀਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।