ਕਿਸਾਨੀ ਸੰਘਰਸ਼ 'ਤੇ ਚੜ੍ਹਿਆ ਅੰਤਰਰਾਸ਼ਟਰੀ ਰੰਗ, 'ਟਾਈਮ ਮੈਗਜੀਨ' ਵਿਚ ਹੋਈ ਵਿਸ਼ੇਸ਼ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਟਾਈਮ ਮੈਗਜ਼ੀਨ’ ਨੇ ਕਵਰ ਪੇਜ਼ ’ਤੇ ਲਾਈ ਕਿਸਾਨ ਬੀਬੀਆਂ ਦੀ ਤਸਵੀਰ

farmer on Time Magazine

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਭਾਵੇਂ ਕਿਸਾਨੀ ਅੰਦੋਲਨ ਨੂੰ ਕੁੱਝ ਲੋਕਾਂ ਦਾ ਅੰਦੋਲਨ ਦੱਸ ਕੇ ਖ਼ੁਦ ਨੂੰ ਦਿਲਾਸਾ ਦੇਣ ਵਾਲੀ ਗੱਲ ਕੀਤੀ ਜਾ ਰਹੀ ਹੈ ਪਰ ਹਕੀਕਤ ਵਿਚ ਇਹ ਕਿਸਾਨੀ ਅੰਦੋਲਨ ਭਾਰਤ ਦੀਆਂ ਹੱਦਾਂ ਪਾਰ ਕਰਕੇ ਵਿਦੇਸ਼ਾਂ ਤਕ ਪੁੱਜ ਚੁੱਕਿਆ ਹਨ। ਜਿੱਥੇ ਵਿਦੇਸ਼ਾਂ ਦੀਆਂ ਵੱਡੀਆਂ ਹਸਤੀਆਂ ਵੱਲੋਂ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ, ਉੱਥੇ ਹੀ ਵਿਦੇਸ਼ਾਂ ਵਿਚਲੇ ਵੱਡੇ ਅਖ਼ਬਾਰ ਅਤੇ ਮੈਗਜ਼ੀਨ ਵੀ ਭਾਰਤੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਹੁਣ ਅਮਰੀਕਾ ਦੀ ਵਿਸ਼ਵ ਪ੍ਰਸਿੱਧ ‘ਟਾਈਮ ਮੈਗਜ਼ੀਨ’ ਨੇ ਅਪਣੇ ਇੰਟਰਨੈਸ਼ਨਲ ਕਵਰ ਪੇਜ਼ ’ਤੇ ਭਾਰਤੀ ਕਿਸਾਨ ਅੰਦੋਲਨ ਵਿਚ ਸ਼ਾਮਲ ਔਰਤਾਂ ਤਸਵੀਰ ਲਗਾ ਕੇ ਇਸ ਅੰਦੋਲਨ ਨੂੰ ਹੋਰ ਬਲ ਦੇ ਦਿੱਤਾ ਹੈ। 

ਇਹੀ ਨਹੀਂ, ਟਾਈਮ ਮੈਗਜ਼ੀਨ ਦੀ ਇਸ ਕਵਰ ਫੋਟੋ ’ਤੇ ਲਿਖੀ ਟੈਗ ਲਾਈਨ ਭਾਰਤ ਦੀ ਮੋਦੀ ਸਰਕਾਰ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਹੈ, ਜਿਸ ’ਤੇ ਲਿਖਿਆ ਹੋਇਆ -ਭਾਰਤ ਦੇ ਕਿਸਾਨੀ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ- ‘‘ਮੈਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਜਾ ਸਕਦਾ।’’ਕਵਰ ਪੇਜ਼ ਦੀ ਤਸਵੀਰ ਨੂੰ ਧਿਆਨ ਨਾਲ ਦੇਖੋ ਇਸ ਵਿਚ ਸ਼ਾਮਲ ਕੁੱਝ ਔਰਤਾਂ ਨੂੰ ਉਨ੍ਹਾਂ ਦੇ ਛੋਟੇ ਬੱਚਿਆਂ ਦੇ ਨਾਲ ਦਿਖਾਇਆ ਗਿਆ ਹੈ। ਔਰਤਾਂ ਅਪਣੇ ਛੋਟੇ ਬੱਚਿਆਂ ਨੂੰ ਗੋਦ ਵਿਚ ਉਠਾ ਕੇ ਨਾਅਰੇਬਾਜ਼ੀ ਕਰਦੀਆਂ ਦਿਸ ਰਹੀਆਂ ਹਨ। ਕਵਰ ’ਤੇ ਜਿੱਥੇ ਮਹਿਲਾ ਕਿਸਾਨਾਂ ਨੂੰ ਕਿਸਾਨ ਅੰਦੋਲਨ ਦਾ ਫਰੰਟਲਾਈਨਰ ਦੱਸਿਆ ਗਿਆ ਏ, ਉਥੇ ਹੀ ਟਾਈਮ ਮੈਗਜ਼ੀਨ ਨੇ ਅਪਣੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਲਿਖਿਆ ‘‘ਟਾਈਮ ਦਾ ਨਵਾਂ ਇੰਟਰਨੈਸ਼ਨਲ ਕਵਰ’’ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਇਸ ਤਸਵੀਰ ਵਿਚ ਨਜ਼ਰ ਆ ਰਹੀਆਂ ਕਿਸਾਨ ਬੀਬੀਆਂ ਕੌਣ ਨੇ?

ਟਾਈਮ ਮੈਗਜ਼ੀਨ ਨੇ ਕਵਰ ਵਿਚ ਜਿਹੜੀਆਂ ਔਰਤਾਂ ਨੂੰ ਜਗ੍ਹਾ ਦਿੱਤੀ ਹੈ, ਉਸ ਵਿਚ 41 ਸਾਲਾ ਅਮਨਦੀਪ ਕੌਰ, ਗੁਰਮਰ ਕੌਰ, ਸੁਰਜੀਤ ਕੌਰ, ਜਸਵੰਤ ਕੌਰ, ਸੁਰਜੀਤ ਕੌਰ, ਦਿਲਬੀਰ ਕੌਰ, ਬਿੰਦੂ, ਉਰਮਿਲਾ ਦੇਵੀ, ਸਾਹੂਮਤੀ ਪਾਧਾ, ਹੀਰਾਥ ਝਾੜੇ ਅਤੇ ਸੁਦੇਸ਼ ਗੋਇਤ ਸ਼ਾਮਲ ਨੇ। ਇਨ੍ਹਾਂ ਔਰਤਾਂ ਵਿਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੀਆਂ ਜ਼ਿਆਦਾ ਔਰਤਾਂ ਸ਼ਾਮਲ ਹਨ। 

ਟਾਈਮ ਮੈਗਜ਼ੀਨ ਨੇ ਅਪਣੇ ਲੇਖ ਵਿਚ ਲਿਖਿਆ ਹੈ ਕਿ ਕਿਵੇਂ ਭਾਰਤ ਦੀਆਂ ਔਰਤਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਅਪਣੇ ਅੰਦੋਲਨ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਉਨ੍ਹਾਂ ਅਪਣੇ ਲੇਖ ਵਿਚ ਲਿਖਿਆ ਕਿ ਕਿਵੇਂ ਇਨ੍ਹਾਂ ਔਰਤਾਂ ਨੇ ਸਰਕਾਰ ਵੱਲੋਂ ਬਾਰਡਰ ਖ਼ਾਲੀ ਕਰਨ ਲਈ ਕਹਿਣ ਮਗਰੋਂ ਵੀ ਬਾਰਡਰਾਂ ’ਤੇ ਕਿਸਾਨੀ ਅੰਦੋਲਨ ਦਾ ਮੋਰਚਾ ਸੰਭਾਲਿਆ ਹੋਇਆ।

ਟਾਈਮ ਮੈਗਜ਼ੀਨ ਦਾ ਕਵਰ ਪੇਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਦੀਆਂ ਅਹਿਮ ਹਸਤੀਆਂ ਵੱਲੋਂ ਇਸ ਕਵਰ ਪੇਜ਼ ਨੂੰ ਅਪਣੇ ਸੋਸ਼ਲ ਅਕਾਊਂਟਸ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਟਾਈਮ ਮੈਗਜ਼ੀਨ ਦਾ ਕਵਰ ਪੇਜ਼ ਜਸਟਿਸ ਮਾਰਕੰਡੇ ਕਾਟਜੂ ਸਾਬਕਾ ਚੀਫ਼ ਜਸਟਿਸ ਆਫ਼ ਇੰਡੀਆ, ਕੈਨੇਡਾ ’ਚ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਦੀ ਪਤਨੀ ਰੂਪੀ ਕੌਰ, ਰਵੀ ਸਿੰਘ ਖ਼ਾਲਸਾ ਮੁਖੀ ਖ਼ਾਲਸਾ ਏਡ ਅਹਿਮ ਹਸਤੀਆਂ ਵੱਲੋਂ ਇਸ ਕਵਰ ਪੇਜ਼ ਨੂੰ ਅਪਣੇ ਸੋਸ਼ਲ ਅਕਾਊਂਟਸ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਕਿਸਾਨ ਅੰਦੋਲਨ ਨੂੰ ਇੰਟਰਨੈਸ਼ਨਲ ਪੱਧਰ ’ਤੇ ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਦਾ ਸਾਥ ਮਿਲਿਆ ਸੀ। ਅਮਰੀਕਨ ਪੌਪ ਸਟਾਰ ਰਿਹਾਨਾ ਤੋਂ ਬਾਅਦ ਕਈ ਸੈਲੀਬਿ੍ਰਟੀ ਨੇ ਭਾਰਤ ਦੇ ਕਿਸਾਨੀ ਅੰਦੋਲਨ ਦਾ ਡਟ ਕੇ ਸਮਰਥਨ ਕੀਤਾ ਸੀ। ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਦੇ ਕਿਸਾਨ ਹਮਾਇਤੀ ਟਵੀਟ ਨੇ ਵੀ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ ਪਰ ਬਾਲੀਵੁੱਡ ਦੇ ਕਲਾਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਵੰਡੇ ਹੋਏ ਨਜ਼ਰ ਆਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ’ਤੇ ਟਿੱਪਣੀਆਂ ਨੂੰ ਗ਼ਲਤ ਦੱਸਿਆ ਸੀ।

ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਨਵੰਬਰ 2020 ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਧਰਨੇ ਲਗਾਏ ਹੋਏ ਹਨ, ਇਸ ਦੌਰਾਨ ਸਰਕਾਰ ਵੱਲੋਂ ਕਈ ਵਾਰ ਅੰਦੋਲਨ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਦੀ ਹਰ ਚਾਲ ਕਿਸਾਨਾਂ ਅੱਗੇ ਫੇਲ੍ਹ ਸਾਬਤ ਹੋਈ। ਕਿਸਾਨਾਂ ਦਾ ਕਹਿਣਾ ਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਭਾਵੇਂ ਕਿੰਨੀਆਂ ਹੀ ਆਕੜਾਂ ਦਿਖਾਈ ਜਾਵੇ, ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ।