ਯੂਕਰੇਨ 'ਚ ਮਾਰੇ ਗਏ ਵਿਦਿਆਰਥੀ ਨਵੀਨ ਦੇ ਵਾਰਸਾਂ ਨੂੰ ਕਰਨਾਟਕ ਦੇ CM ਨੇ ਸੌਂਪਿਆ 25 ਲੱਖ ਦਾ ਚੈੱਕ
ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ
ਬੰਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ਨੀਵਾਰ ਨੂੰ ਯੂਕਰੇਨ ਵਿਚ ਰੂਸੀ ਹਮਲੇ ਦੌਰਾਨ ਮਾਰੇ ਗਏ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਵਾਰਸਾਂ ਨੂੰ 25 ਲੱਖ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਨਵੀਨ ਦੀ ਦੇਹ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ, 'ਮੈਂ ਨਵੀਨ ਸ਼ੇਖਰੱਪਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਚੈੱਕ ਸੌਂਪਿਆ। ਅਸੀਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦੇਵਾਂਗੇ। ਨਵੀਨ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਮੈਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਇਸ ਤੋਂ ਇਲਾਵਾ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਗੱਲਬਾਤ ਚੱਲ ਰਹੀ ਹੈ।
ਵਿਦੇਸ਼ ਮੰਤਰਾਲੇ ਨੇ 1 ਮਾਰਚ ਨੂੰ ਨਵੀਨ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਮੰਤਰਾਲੇ ਨੇ ਕਿਹਾ ਸੀ ਕਿ ਕਰਨਾਟਕ ਦੇ ਹਾਵੇਰੀ ਜ਼ਿਲੇ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ, ਜੋ ਕਿ ਯੂਕਰੇਨ ਦੇ ਖਾਰਕੀਵ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਵਿਚ ਸੀ, ਦੀ ਮੌਤ ਹੋ ਗਈ। 21 ਸਾਲਾ ਭਾਰਤੀ ਵਿਦਿਆਰਥੀ ਨਵੀਨ ਭੋਜਨ ਖਰੀਦਣ ਲਈ ਘਰ ਤੋਂ ਬਾਹਰ ਗਿਆ ਸੀ ਜਿਸ ਦੌਰਾਨ ਉਸ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ।