ਅਦਾਲਤ ਦਾ ਅਹਿਮ ਫੈਸਲਾ, ਰੋਜ਼ਾਨਾ ਝਗੜਾ ਕਰਨ ਵਾਲੀ ਨੂੰਹ ਖਿਲਾਫ਼ ਸੱਸ- ਸਹੁਰਾ ਚੁੱਕ ਸਕਦੇ ਹਨ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਜ਼ੁਰਗਾਂ ਨੂੰ ਸਾਂਤਮਈ ਜੀਵਨ ਨਾਲ ਰਹਿਣ ਦਾ ਅਧਿਕਾਰ

COURT

 

ਨਵੀਂ ਦਿੱਲੀ:  ਲੜਾਈ-ਝਗੜੇ ਤਾਂ ਹਰ ਘਰ 'ਚ ਹੁੰਦੇ ਹੀ ਰਹਿੰਦੇ ਹਨ ਪਰ ਕੁਝ ਥਾਵਾਂ 'ਤੇ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਦਿੱਲੀ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਝਗੜਾਲੂ ਸੁਭਾਅ ਵਾਲੀ ਨੂੰਹ ਨੂੰ ਸਾਂਝੇ ਘਰ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਜਾਇਦਾਦ ਦਾ ਮਾਲਕ ਉਸ ਨੂੰ ਘਰੋਂ ਬੇਦਖਲ ਕਰ ਸਕਦਾ ਹੈ। ਹਾਈਕੋਰਟ ਨੇ ਕਿਹਾ ਕਿ ਬਜ਼ੁਰਗ ਮਾਤਾ-ਪਿਤਾ ਨੂੰ ਸ਼ਾਂਤੀਪੂਰਨ ਜੀਵਨ ਜਿਊਣ ਦਾ ਅਧਿਕਾਰ ਹੈ।

 

ਜੇ ਨੂੰਹ ਰੋਜ਼ ਚਿੱਕ-ਚਿੱਕ ਦੀ ਆਦਤ ਛੱਡਣ ਲਈ ਤਿਆਰ ਨਹੀਂ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾ ਸਕਦਾ ਹੈ। ਦਿੱਲੀ ਹਾਈ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਘਰੇਲੂ ਹਿੰਸਾ ਐਕਟ ਤਹਿਤ ਨੂੰਹ ਨੂੰ ਸਾਂਝੇ ਘਰ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਬਜ਼ੁਰਗ ਸਹੁਰੇ ਘਰੋਂ ਬੇਦਖਲ ਕਰ ਸਕਦੇ ਹਨ, ਕਿਉਂਕਿ ਸ਼ਾਂਤ ਜੀਵਨ ਜਿਊਣ ਦੇ ਹੱਕਦਾਰ ਹਨ।

 

ਜਸਟਿਸ ਯੋਗੇਸ਼ ਖੰਨਾ ਹੇਠਲੀ ਅਦਾਲਤ ਦੇ ਉਸ ਫੈਸਲੇ ਦੇ ਖਿਲਾਫ ਇੱਕ ਨੂੰਹ ਦੁਆਰਾ ਦਾਇਰ ਅਪੀਲ ਦੀ ਸੁਣਵਾਈ ਕਰ ਰਹੇ ਸਨ, ਜਿਸ ਵਿੱਚ ਉਸ ਨੂੰ ਸਹੁਰੇ ਘਰ ਵਿਚ ਰਹਿਣ ਦੇ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਸੀ। ਜੱਜ ਨੇ ਕਿਹਾ ਕਿ ਸਾਂਝੇ ਘਰ ਦੇ ਮਾਮਲੇ ਵਿਚ ਸਬੰਧਤ ਜਾਇਦਾਦ ਦੇ ਮਾਲਕ ਨੂੰ ਆਪਣੀ ਨੂੰਹ ਨੂੰ ਬੇਦਖਲ ਕਰਨ 'ਤੇ ਕੋਈ ਰੋਕ ਨਹੀਂ ਹੈ।

 

 

 

ਉਹਨਾਂ ਕਿਹਾ ਕਿ ਮੌਜੂਦਾ ਕੇਸ ਵਿੱਚ ਪਟੀਸ਼ਨਰ ਨੂੰ ਉਸ ਸਮੇਂ ਤੱਕ ਕੁਝ ਵਿਕਲਪਿਕ ਰਿਹਾਇਸ਼ ਪ੍ਰਦਾਨ ਕਰਨਾ ਉਚਿਤ ਹੋਵੇਗਾ ਜਦੋਂ ਤੱਕ ਉਸ ਦਾ ਵਿਆਹ ਜਾਰੀ ਨਹੀਂ ਰਹਿੰਦਾ। ਜਸਟਿਸ ਖੰਨਾ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਦੋਵੇਂ ਸਹੁਰੇ ਸੀਨੀਅਰ ਸਿਟੀਜ਼ਨ ਹਨ ਅਤੇ ਉਹ ਸ਼ਾਂਤਮਈ ਜੀਵਨ ਬਤੀਤ ਕਰਨ ਦੇ ਹੱਕਦਾਰ ਹਨ ਅਤੇ ਪੁੱਤਰ ਅਤੇ ਨੂੰਹ ਵਿਚਕਾਰ ਵਿਆਹੁਤਾ ਵਿਵਾਦ ਤੋਂ ਪ੍ਰਭਾਵਿਤ ਨਹੀਂ ਹਨ।