ਸ਼ਾਰਟ ਸਰਕਟ ਕਾਰਨ ਗੈਸ ਸਿਲੰਡਰ ’ਚ ਲੱਗੀ ਅੱਗ ਤਿੰਨ ਕੁੜੀਆਂ ਸਮੇਤ ਪੰਜ ਦੀ ਮੌਤ, ਚਾਰ ਜ਼ਖਮੀ
ਜ਼ਖਮੀਆਂ ’ਚੋਂ ਦੋ ਦੀ ਹਾਲਤ ਗੰਭੀਰ, 90 ਫੀ ਸਦੀ ਝੁਲਸੇ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਦਿਹਾਤੀ ਕਾਕੋਰੀ ਕਸਬੇ ’ਚ ਰਹਿਣ ਵਾਲੇ ਮੁਸ਼ੀਰ ਦੇ ਘਰ ’ਚ ਸ਼ਾਰਟ ਸਰਕਟ ਕਾਰਨ ਦੋ ਸਿਲੰਡਰ ਫਟਣ ਤੋਂ ਬਾਅਦ ਤਿੰਨ ਕੁੜੀਆਂ ਅਤੇ ਇਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਕਾਕੋਰੀ ਦੇ ਹਾਤਾ ਹਜ਼ਰਤ ਸਾਹਿਬ ਇਲਾਕੇ ’ਚ ਮੰਗਲਵਾਰ ਰਾਤ ਨੂੰ ਇਕ ਦੋ ਮੰਜ਼ਿਲਾ ਇਮਾਰਤ ’ਚ ਅੱਗ ਲੱਗ ਗਈ। ਅੱਗ ਲਗਦੇ ਹੀ ਸਿਲੰਡਰ ਫਟ ਗਿਆ। ਇਸ ਹਾਦਸੇ ’ਚ ਜੋੜੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ’ਚ ਮਾਸੂਮ ਬੱਚੇ ਵੀ ਸ਼ਾਮਲ ਹਨ।
ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਹਾਤਾ ਹਜ਼ਰਤ ਸਾਹਿਬ ਦਾ ਰਹਿਣ ਵਾਲਾ ਮੁਸ਼ੀਰ ਅਲੀ (50) ਜ਼ਰਦੋਜ਼ੀ ਦਾ ਕੰਮ ਕਰਦਾ ਹੈ। ਮੰਗਲਵਾਰ ਰਾਤ ਕਰੀਬ 10:30 ਵਜੇ ਉਸ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਕੁੱਝ ਮਿੰਟਾਂ ਬਾਅਦ ਸਿਲੰਡਰ ’ਚ ਜ਼ੋਰਦਾਰ ਧਮਾਕਾ ਹੋਇਆ। ਜਦੋਂ ਤਕ ਲੋਕ ਘਰ ਦੇ ਅੰਦਰੋਂ ਬਾਹਰ ਨਿਕਲਦੇ, ਅੱਗ ਪੂਰੇ ਘਰ ’ਚ ਫੈਲ ਗਈ।
ਉਨ੍ਹਾਂ ਦਸਿਆ ਕਿ ਅੱਗ ਲੱਗਣ ਨਾਲ ਪਰਵਾਰ ਦੇ 9 ਮੈਂਬਰ ਸੜ ਗਏ। ਅਧਿਕਾਰੀ ਨੇ ਦਸਿਆ ਕਿ ਪੀੜਤਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਸ਼ੀਰ (50), ਉਸ ਦੀ ਪਤਨੀ ਹੁਸਨਾ ਬਾਨੋ (45), ਉਨ੍ਹਾਂ ਦੀ ਭਤੀਜੀ ਰਈਆ (5) ਅਤੇ ਭਤੀਜੀਆਂ ਹਿਬਾ (2) ਅਤੇ ਹੁਮਾ (3) ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਉਨ੍ਹਾਂ ਦਸਿਆ ਕਿ ਚਾਰ ਹੋਰ ਜ਼ਖਮੀਆਂ ਦਾ ਟਰਾਮਾ ਸੈਂਟਰ ’ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਪਛਾਣ ਈਸ਼ਾ (17), ਲਕਾਬ (21), ਅਮਜਦ (34) ਅਤੇ ਅਨਮ (18) ਵਜੋਂ ਹੋਈ ਹੈ।
ਸਥਾਨਕ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਟਰਾਮਾ ਸੈਂਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸੂਰਿਆਪਾਲ ਗੰਗਵਾਰ ਨੇ ਦਸਿਆ ਕਿ ਜ਼ਖਮੀਆਂ ’ਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਉਹ 90 ਫੀ ਸਦੀ ਝੁਲਸ ਗਏ ਹਨ, ਜਦਕਿ ਦੋ ਹੋਰ 40 ਫੀ ਸਦੀ ਅਤੇ 50 ਫੀ ਸਦੀ ਝੁਲਸ ਗਏ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਅਜਿਹੀਆਂ ਰੀਪੋਰਟਾਂ ਹਨ ਕਿ ਉੱਥੇ ਪਟਾਕਿਆਂ ਦੀ ਫੈਕਟਰੀ ਵੀ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਅਜੇ ਤਕ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ, ‘‘ਸਾਡੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।’’ ਟਰਾਮਾ ਸੈਂਟਰ ਦੇ ਇੰਚਾਰਜ ਡਾਕਟਰ ਸੰਦੀਪ ਤਿਵਾੜੀ ਨੇ ਦਸਿਆ ਕਿ ਦੋ ਜ਼ਖਮੀਆਂ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਸਾਰੇ ਜ਼ਖਮੀਆਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਟੀਮ ਜ਼ਖਮੀਆਂ ਦੀ ਨਿਗਰਾਨੀ ਕਰ ਰਹੀ ਹੈ।