ਇਲਾਹਾਬਾਦ ਯੂਨੀਵਰਸਿਟੀ ਦੇ ਕਲਾਸ ਰੂਮ 'ਚ ਦਾਖ਼ਲ ਹੋ ਕੇ ਵਿਦਿਆਰਥੀ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਕੇਂਦਰੀ ਯੂਨੀਵਰਸਿਟੀ ਦੇ ਕਲਾਸ ਰੂਮ ਵਿਚ ਐਮਏ ਪਹਿਲੇ ਸਾਲ ਦੇ ਇਕ ਵਿਦਿਆਰਥੀ ਨਗੇਂਦਰ ਸਿੰਘ ਨੂੰ ਪ੍ਰੀਖਿਆ ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਗੋਲੀ ਮਾਰ ਦਿਤੀ

Allahabad University Student Shot in Class Room

ਇਲਾਹਾਬਾਦ : ਸਥਾਨਕ ਕੇਂਦਰੀ ਯੂਨੀਵਰਸਿਟੀ ਦੇ ਕਲਾਸ ਰੂਮ ਵਿਚ ਐਮਏ ਪਹਿਲੇ ਸਾਲ ਦੇ ਇਕ ਵਿਦਿਆਰਥੀ ਨਗੇਂਦਰ ਸਿੰਘ ਨੂੰ ਪ੍ਰੀਖਿਆ ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਗੋਲੀ ਮਾਰ ਦਿਤੀ। ਇਸ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਵਿਦਿਆਰਥੀ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਵੀਰਵਾਰ ਦੀ ਹੈ। 

ਸੀਨੀਅਰ ਪੁਲਿਸ ਅਧਿਕਾਰੀ ਅਕਾਸ਼ ਕੁਲਹਰੀ ਨੇ ਦਸਿਆ ਕਿ ਮੁਲਜ਼ਮ ਦੀ ਪਹਿਚਾਣ ਸਰਦਾਰ ਸਿੰਘ ਦੇ ਰੂਪ ਵਿਚ ਹੋਈ ਹੈ ਜੋ ਜੌਨਪੁਰ ਦੇ ਬਦਲਾਪੁਰ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਨਿੱਜੀ ਦੁਸ਼ਮਣੀ ਕਾਰਨ ਇਹ ਹਮਲਾ ਕੀਤਾ ਗਿਆ। ਹਮਲੇ ਵਿਚ ਜ਼ਖ਼ਮੀ ਵਿਦਿਆਰਥੀ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਉਸ ਦੀ ਛਾਤੀ ਵਿਚ ਖੱਬੇ ਪਾਸੇ ਗੋਲੀ ਲੱਗੀ ਹੈ ਪਰ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਤਿੰਨ ਸਾਲ ਪਹਿਲਾਂ ਹਿੰਦੂ ਹੋਸਟਲ ਨੂੰ ਲੈ ਕੇ ਨਗੇਂਦਰ ਦੀ ਸਰਦਾਰ ਸਿੰਘ ਦੇ ਨਾਲ ਦੁਸ਼ਮਣੀ ਹੋਈ ਸੀ ਅਤੇ ਬਾਅਦ ਵਿਚ ਸਰਦਾਰ ਸਿੰਘ ਨੂੰ ਹੋਸਟਲ ਵਿਚੋਂ ਕੱਢ ਦਿਤਾ ਗਿਆ ਸੀ। ਉਸ ਦਾ ਬਦਲਾ ਲੈਣ ਲਈ ਉਸ ਨੇ ਕਲਾਸ ਰੂਮ ਵਿਚ ਦਾਖ਼ਲ ਹੋ ਕੇ ਨਗੇਂਦਰ 'ਤੇ ਗੋਲੀ ਚਲਾਈ। ਸਰਦਾਰ ਸਿੰਘ ਉਸੇ ਦਿਨ ਦਿੱਲੀ ਤੋਂ ਇੱਥੇ ਆਇਆ ਸੀ। ਉਥੇ ਕਰਨਲਗੰਜ ਪੁਲਿਸ ਥਾਣੇ ਦੇ ਖੇਤਰ ਅਧਿਕਾਰੀ ਅਲੋਕ ਮਿਸ਼ਰ ਨੇ ਦਸਿਆ ਕਿ ਮੁਲਜ਼ਮ ਵਿਦਿਆਰਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  

ਇਸ ਦੌਰਾਨ ਇਕ ਹੋਰ ਮਾਮਲੇ ਵਿਚ ਯੂਨੀਵਰਸਿਟੀ ਦੇ ਏ.ਐਨ. ਝਾਅ ਹੋਸਟਲ ਵਿਚ ਰਹਿਣ ਵਾਲੇ ਖੋਜ ਵਿਦਿਆਰਥੀ 27 ਸਾਲਾ ਐਸ.ਐਸ. ਪਾਲ ਨੇ ਬੀਤੀ ਰਾਤ ਅਪਣੇ ਕਮਰੇ ਵਿਚ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਹ ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨ ਸੀ।

ਮਿਸ਼ਰ ਨੇ ਦਸਿਆ ਕਿ ਲੰਬੇ ਸਮੇਂ ਤੋਂ ਪਾਲ ਦਾ ਇਲਾਜ ਚੱਲ ਰਿਹਾ ਸੀ। ਪੱਛਮ ਬੰਗਾਲ ਦੇ ਰਹਿਣ ਵਾਲੇ ਪਾਲ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਉਸ ਦੇ ਪਰਿਵਾਰ ਵਿਚ ਕੋਈ ਨਾ ਹੋਣ ਕਰਕੇ ਉਸ ਦਾ ਇਲਾਹਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅੰਤਮ ਸਸਕਾਰ ਕੀਤਾ ਜਾਵੇਗਾ।