ਯੋਗੀ ਸਰਕਾਰ ਤੋਂ ਨਾਰਾਜ਼ ਇਕ ਹੋਰ ਦਲਿਤ ਸਾਂਸਦ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
ਦੇਸ਼ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਭਾਵੇਂ ਅਗਲੀ ਵਾਰ ਫਿਰ ਤੋਂ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ 2019 ਦੀਆਂ ਲੋਕ...
ਨਵੀਂ ਦਿੱਲੀ : ਦੇਸ਼ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਭਾਵੇਂ ਅਗਲੀ ਵਾਰ ਫਿਰ ਤੋਂ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿਚ ਭਾਜਪਾ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਇਹ ਚੁਣੌਤੀਆਂ ਕਿਸੇ ਬਾਹਰੀਆਂ ਤੋਂ ਨਹੀਂ ਬਲਕਿ ਅਪਣੇ ਹੀ ਸਾਂਸਦਾਂ ਦੀ ਨਾਰਾਜ਼ਗੀ ਕਰ ਕੇ ਪੈਦਾ ਹੋ ਰਹੀਆਂ ਹਨ।
ਕੁੱਝ ਦਿਨ ਪਹਿਲਾਂ ਯੂਪੀ ਦੇ ਰਾਬਰਟਸਗੰਜ ਤੋਂ ਭਾਜਪਾ ਦੇ ਦਲਿਤ ਸਾਂਸਦ ਛੋਟੇ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸ਼ਿਕਾਇਤ ਕੀਤੀ ਸੀ ਪਰ ਹੁਣ ਇਟਾਵਾ ਤੋਂ ਇਕ ਹੋਰ ਦਲਿਤ ਸਾਂਸਦ ਅਸ਼ੋਕ ਦੋਹਰੇ ਨੇ ਵੀ ਅਪਣੀ ਹੀ ਪਾਰਟੀ ਦੀ ਰਾਜ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਖ਼ਾਸ ਗੱਲ ਇਹ ਹੈ ਕਿ ਦੋਵੇਂ ਹੀ ਸਾਂਸਦਾਂ ਦੀ ਚਿੱਠੀ ਜਨਤਕ ਹੋ ਚੁੱਕੀ ਹੈ।
ਸ਼ਿਕਾਇਤ ਵਿਚ ਦੋਹਰੇ ਨੇ ਕਿਹਾ ਹੈ ਕਿ 2 ਅਪ੍ਰੈਲ ਨੂੰ 'ਭਾਰਤ ਬੰਦ' ਤੋਂ ਬਾਅਦ ਐਸਸੀ-ਐਸਟੀ ਵਰਗ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਸਮੇਤ ਦੂਜੇ ਸੂਬਿਆਂ ਵਿਚ ਸਰਕਾਰਾਂ ਅਤੇ ਸਥਾਨਕ ਪੁਲਿਸ ਝੂਠੇ ਮੁਕੱਦਮਿਆਂ ਵਿਚ ਫਸਾ ਰਹੀ ਹੈ, ਉਨ੍ਹਾਂ 'ਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨਿਰਦੋਸ਼ ਲੋਕਾਂ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਘਰਾਂ ਤੋਂ ਕੱਢ ਕੇ ਕੁੱਟਮਾਰ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਵਰਗਾਂ ਵਿਚ ਗੁੱਸਾ ਅਤੇ ਅਸੁਰੱਖਿਆ ਦੀ ਭਾਵਨਾ ਲਗਾਤਾਰ ਵਧਦੀ ਜਾ ਰਹੀ ਹੈ। ਉਥੇ 5 ਅਪ੍ਰੈਲ ਨੂੰ ਯੂਪੀ ਦੇ ਰਾਬਰਟਸਗੰਜ ਤੋਂ ਭਾਜਪਾ ਦੇ ਦਲਿਤ ਸਾਂਸਦ ਛੋਟੇ ਲਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਸੂਬਾ ਪ੍ਰਧਾਨ ਮਹੇਂਦਰ ਨਾਥ ਪਾਂਡੇ ਅਤੇ ਭਾਜਪਾ ਨੇਤਾ ਸੁਨੀਲ ਬਾਂਸਲ ਦੀ ਵੀ ਸ਼ਿਕਾਇਤ ਕੀਤੀ ਸੀ। ਚਿੱਠੀ ਵਿਚ ਸਾਂਸਦ ਛੋਟੇ ਲਾਲ ਨੇ ਲਿਖਿਆ ਸੀ ਕਿ ਜ਼ਿਲ੍ਹੇ ਦੇ ਆਲ੍ਹਾ ਅਧਿਕਾਰੀ ਉਨ੍ਹਾਂ ਦਾ ਸੋਸ਼ਣ ਕਰ ਰਹੇ ਹਨ।
ਸਾਂਸਦ ਛੋਟੇ ਲਾਲ ਨੇ ਚਿੱਠੀ ਵਿਚ ਕਿਹਾ ਸੀ ਕਿ ਸ਼ਿਕਾਇਤ ਲੈ ਕੈ ਉਹ ਮੁੱਖ ਮੰਤਰੀ ਯੋਗੀ ਨੂੰ ਦੋ ਵਾਰ ਮਿਲੇ ਪਰ ਉਨ੍ਹਾਂ ਨੇ ਝਿੜਕ ਕੇ ਭਜਾ ਦਿਤਾ। ਪੀਐਮ ਮੋਦੀ ਨੇ ਸਾਂਸਦ ਛੋਟੇ ਲਾਲ ਨੂੰ ਉਚਿਤ ਕਾਰਵਾਈ ਦਾ ਭਰੋਸਾ ਦਿਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਯੂਪੀ ਦੇ ਕਿਸੇ ਨੇਤਾ ਨੇ ਮੁੱਖ ਮੰਤਰੀ ਯੋਗੀ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਦਲਿਤ ਸਾਂਸਦ ਸਵਿਤਰੀ ਬਾਈ ਫੂਲੇ ਨੇ ਵੀ ਸਰਕਾਰ ਨਾਲ ਨਾਰਾਜ਼ਗੀ ਪ੍ਰਗਟਾਈ ਸੀ।