ਪਾਕਿ ਗੋਲੀਬਾਰੀ 'ਚ ਪਿਉ-ਧੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੇ ਕੀਤਾ ਲੜਕਾ ਅਗ਼ਵਾ

Pakistan firing

 ਰਾਜੌਰੀ ਜ਼ਿਲ੍ਹੇ ਵਿਚ ਸਰਹੱਦ ਲਾਗਲੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪਿਉ-ਧੀ ਜ਼ਖ਼ਮੀ ਹੋ ਗਏ। ਇਹ ਘਟਨਾ ਬੀਤੀ ਰਾਤ ਨੌਸ਼ੇਰਾ ਖੇਤਰ ਵਿਖੇ ਵਾਪਰੀ। ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨ ਨੇ ਆਟੋਮੈਟਿਕ ਹਥਿਆਰਾਂ ਨਾਲ ਸਰਹੱਦ ਨੇੜੇ ਪੈਂਦੇ ਸੇਰ ਅਤੇ ਕਦਲੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਭਾਰਤੀ ਫ਼ੌਜ ਦੇ ਨਾਕਿਆਂ 'ਤੇ ਵੀ ਹਮਲਾ ਕੀਤਾ। ਰਿਹਾਇਸ਼ੀ ਇਲਾਕੇ ਵਿਚ ਗੋਲੀਬਾਰੀ ਕਾਰਨ ਇਕ ਘਰ 'ਤੇ ਹਮਲਾ ਹੋਇਆ ਜਿਸ ਕਾਰਨ ਭੋਲਾ ਰਾਮ ਅਤੇ ਉਸ ਦੀ ਧੀ ਸੰਗੀਤਾ ਜ਼ਖ਼ਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੰਗਲਵਾਰ ਨੂੰ ਵੀ ਪਾਕਿਸਤਾਨ ਵਲੋਂ ਭਾਰਤ 'ਤੇ ਗੋਲੀਬਾਰੀ ਕੀਤੀ ਗਈ ਸੀ ਜਿਸ ਕਾਰਨ ਫ਼ੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਸੀ ਅਤੇ ਇਕ ਲੈਫ਼ਟੀਨੈਂਟ ਸਣੇ ਚਾਰ ਹੋਰ ਜਵਾਨ ਜ਼ਖ਼ਮੀ ਹੋ ਗਏ ਸਨ। ਦੂਜੇ ਪਾਸੇ, ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਨੇ ਇਕ ਲੜਕੇ ਨੂੰ ਅਗ਼ਵਾ ਕਰ ਲਿਆ ਜਦਕਿ ਉਸ ਦਾ ਪਿਤਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ 48 ਘੰਟਿਆਂ ਵਿਚ ਜ਼ਿਲ੍ਹੇ ਦੇ ਹਾਜਿਨ ਖੇਤਰ ਵਿਚ ਅਗ਼ਵਾ ਕਰਨ ਦੀ ਇਹ ਦੂਜੀ ਘਟਨਾ ਹੈ। ਇਹ ਘਟਨਾ ਬੀਤੀ ਰਾਤ ਲਗਭਗ ਪੌਣੇ 12 ਵਜੇ ਵਾਪਰੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਲਸ਼ਕਰ-ਏ-ਤੋਇਬਾ ਦੇ ਸਨ ਅਤੇ ਇਹ ਹਾਜਿਨ ਵਿਚ ਸਥਿਤ ਅਬਦੁਲ ਗਫਾਰ ਭੱਟ ਦੇ ਘਰ ਵਿਚ ਦਾਖ਼ਲ ਹੋ ਗਏ ਅਤੇ ਲੋਕਾਂ ਨੂੰ ਮਾਰਨਾ-ਕੁਟਣਾ ਸ਼ੁਰੂ ਕਰ ਦਿਤਾ। ਅਤਿਵਾਦੀ ਅਬਦੁਲ ਅਤੇ ਉਸ ਦੇ ਪੁੱਤਰ ਨੂੰ ਅਗ਼ਵਾ ਕਰ ਕੇ ਲੈ ਗਏ ਪਰ ਬਾਅਦ ਵਿਚ ਅਬਦੁਲ ਬਚ ਗਿਆ ਪਰ ਉਹ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਅਬਦੁਲ ਦੇ ਪੁੱਤਰ ਦੀ ਭਾਲ ਕਰ ਰਹੀ ਹੈ। ਅਤਿਵਾਦੀਆਂ ਨੇ ਸੋਮਵਾਰ ਨੂੰ ਨਾਸੀਰ ਅਹਿਮਦ ਉਰਫ਼ ਮੁੰਤਜ਼ੀਰ ਨਾਂ ਦੇ ਵਿਅਕਤੀ ਨੂੰ ਅਗ਼ਵਾ ਕੀਤਾ ਅਤੇ ਬਾਅਦ ਵਿਚ ਉਸ ਦਾ ਕਤਲ ਕਰ ਦਿਤਾ। (ਪੀ.ਟੀ.ਆਈ.)