ਸੰਸਦ ਦਾ ਹੰਗਾਮਿਆਂ ਭਰਿਆ ਮਾਨਸੂਨ ਸੈਸ਼ਨ ਅੱਜ ਤੋਂ
ਸੰਸਦ ਦਾ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਸੈਸ਼ਨ ਹੰਗਾਮੇ ਭਰਿਆ ਰਹਿਣ ਦੇ ਆਸਾਰ ਹਨ ਜਿਸ ਦੌਰਾਨ ਵਿਰੋਧੀ ਧਿਰ ਵਲੋਂ ਕਸ਼ਮੀਰ ਵਿਚ ਤਣਾਅ, ਗਊ ਰਖਿਆ ਦੇ ਨਾਮ 'ਤੇ ਹਿੰਸਾ
ਨਵੀਂ ਦਿੱਲੀ, 16 ਜੁਲਾਈ : ਸੰਸਦ ਦਾ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਸੈਸ਼ਨ ਹੰਗਾਮੇ ਭਰਿਆ ਰਹਿਣ ਦੇ ਆਸਾਰ ਹਨ ਜਿਸ ਦੌਰਾਨ ਵਿਰੋਧੀ ਧਿਰ ਵਲੋਂ ਕਸ਼ਮੀਰ ਵਿਚ ਤਣਾਅ, ਗਊ ਰਖਿਆ ਦੇ ਨਾਮ 'ਤੇ ਹਿੰਸਾ, ਚੀਨ ਨਾਲ ਸਰਹੱਦੀ ਟਕਰਾਅ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣਗੇ।
ਪਹਿਲੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪ੍ਰੰਤ ਦਿਨ ਭਰ ਲਈ ਮੁਲਤਵੀ ਕਰ ਦਿਤੀ ਜਾਵੇਗੀ। ਸੈਸ਼ਨ ਤੋਂ ਇਕ ਦਿਨ ਪਹਿਲਾਂ ਅੱਜ ਕਾਂਗਰਸ ਨੇ ਕਿਹਾ ਕਿ ਸਾਰੇ ਭਖਦੇ ਮੁਦਿਆਂ 'ਤੇ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਿੱਕਮ ਵਿਚ ਚੀਨ ਨਾਲ ਸਰਹੱਦੀ ਵਿਵਾਦ ਤਣਾਅਪੂਰਨ ਸਥਿਤੀ ਵਿਚ ਹੈ। ਕਾਂਗਰਸੀ ਆਗੂ ਨੇ ਇਸ ਦੇ ਨਾਲ ਹੀ ਸਰਹੱਦੀ ਵਿਵਾਦ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ। ਸੰਸਦ ਦੀ ਲਾਇਬ੍ਰੇਰੀ ਬਿਲਡਿੰਗ ਵਿਚ ਸਰਕਾਰ ਵਲੋਂ ਸੱਦੀ ਸਰਬਪਾਰਟੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਸਿੱਕਮ ਸੈਕਟਰ ਦੇ ਹਾਲਾਤ ਚੀਨ ਵਲੋਂ ਪੈਦਾ ਕੀਤੇ ਗਏ ਹਨ। ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਅਤੇ ਅਸੀ ਇਸ ਨੂੰ ਸੰਸਦ ਵਿਚ ਉਠਾਵਾਂਗੇ।'' ਕਸ਼ਮੀਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਗੱਲਬਾਤ ਦੇ ਸਾਰੇ ਰਾਹ ਬੰਦ ਕਰ ਦਿਤੇ ਹਨ ਅਤੇ ਵਾਦੀ ਵਿਚ ਘੁਟਣ ਵਾਲਾ ਮਾਹੌਲ ਹੈ।
ਉਨ੍ਹਾਂ ਕਿਹਾ, ''ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਅਤੇ ਕਿਸਾਨ ਖ਼ੁਦਕੁਸ਼ੀਆਂ ਕਾਰਨ ਖੇਤੀ ਸੰਕਟ ਦੇ ਮੁੱਦੇ ਵੀ ਉਠਾਏ ਜਾਣਗੇ।'' ਆਜ਼ਾਦ ਨੇ ਦਾਅਵਾ ਕੀਤਾ ਕਿ ਕਾਂਗਰਸ ਸਦਨ ਦੀ ਕਾਰਵਾਈ ਵਿਚ ਅੜਿੱਕਾ ਡਾਹੁਣ ਦੇ ਪੱਖ ਵਿਚ ਨਹੀਂ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਸਲਿਆਂ 'ਤੇ ਚਰਚਾ ਕਰਨ ਦੀ ਇਜਾਜ਼ਤ ਦਿਤੀ ਜਾਵੇ।
ਜਨਤਾ ਦਲ-ਯੂ ਦੇ ਆਗੂ ਸ਼ਰਦ ਯਾਦਵ ਨੇ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਰੁਜ਼ਗਾਰ ਦੇਣ ਵਿਚ ਅਸਫ਼ਲ ਰਹੀ ਹੈ ਅਤੇ ਵਿਰੋਧੀ ਧਿਰ ਇਸ ਮੁੱਦੇ ਨੂੰ ਸਦਨ ਵਿਚ ਉਠਾਵੇਗੀ। ਖੱਬੇ ਪਖੀਆਂ ਵਲੋਂ ਔਰਤਾਂ ਲਈ 33 ਫ਼ੀ ਸਦੀ ਰਾਖਵਾਂਕਰਨ ਦਾ ਮੁੱਦਾ ਉਠਾਇਆ ਜਾਵੇਗਾ। (ਪੀਟੀਆਈ)