ਪਾਕਿਫ਼ੌਜ ਨੇ ਕਸ਼ਮੀਰ ਚ ਆਮ ਲੋਕਾਂ ਨੂੰ ਬਣਾਇਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਦੇ ਚਾਰ ਸੈਕਟਰਾਂ ਵਿਚ ਰਿਹਾਇਸ਼ੀ ਇਲਾਕਿਆਂ 'ਤੇ ਮੋਰਟਾਰ ਗੋਲੇ ਦਾਗ਼ੇ ਅਤੇ ਚਾਰ ਵਾਰ ਗੋਲੀਬੰਦੀ ਦੀ

Woman

ਜੰਮੂ, 17 ਜੁਲਾਈ: ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਦੇ ਚਾਰ ਸੈਕਟਰਾਂ ਵਿਚ ਰਿਹਾਇਸ਼ੀ ਇਲਾਕਿਆਂ 'ਤੇ ਮੋਰਟਾਰ ਗੋਲੇ ਦਾਗ਼ੇ ਅਤੇ ਚਾਰ ਵਾਰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ।
ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਇਕ ਸਰਕਾਰੀ ਹਾਈ ਸਕੂਲ ਦੇ 50 ਵਿਦਿਆਰਥੀ ਗੋਲਾਬਾਰੀ ਵਿਚ ਫਸ ਗਏ ਜਦਕਿ ਪ੍ਰਸ਼ਾਸਨ ਨੇ ਇਕ ਪ੍ਰਾਇਮਰੀ ਸਕੂਲ ਦੇ 12 ਵਿਦਿਆਰਥੀਆਂ ਨੂੰ ਬਚਾਇਅਆ। ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਰਾਜੌਰੀ ਅਤੇ ਪੁਣਛ ਦੇ ਲਗਭਗ ਚਾਰ ਇਲਾਕਿਆਂ ਵਿਚ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਰਾਜੌਰੀ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਨੌਸ਼ਹਿਰਾ ਸੈਕਟਰ ਦੇ ਸੇਹਰ ਵਿਚ ਸਥਿਤ ਇਕ ਸਰਕਾਰੀ ਸਕੂਲ ਵਿਚ ਲਗਭਗ 40-45 ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਕੁੱਝ ਉਚਾਈ 'ਤੇ ਬਣਿਆ ਹੋਇਆ ਹੈ ਜਿਸ ਕਾਰਨ ਸਕੂਲ ਨੂੰ ਖਾਲੀ ਕਰਵਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੁਲਿਸ ਤੇ ਹੋਰ ਅਧਿਕਾਰੀਆਂ ਨੇ ਨੌਸ਼ਹਿਰਾ ਦੇ ਕਾਦਲੀ ਵਿਚ ਸਥਿਤ ਇਕ ਪ੍ਰਾਈਮਰੀ ਸਕੂਲ ਤੋਂ 12 ਵਿਦਿਆਰਥੀਆਂ ਨੂੰ ਬਚਾਅ ਲਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭਾਰੀ ਸੁਰੱਖਿਆ ਹੇਠ ਬੁਲੇਟ ਪਰੂਫ਼ ਵਾਹਨਾਂ ਰਾਹੀਂ ਸਕੂਲ ਤੋਂ ਬਾਹਰ ਲਿਆਂਦਾ ਗਿਆ।
ਇਸੇ ਦਰਮਿਆਨ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵਲੋਂ ਬਗ਼ੈਰ ਕਿਸੇ ਉਕਸਾਹਟ ਤੋਂ ਕੀਤੀ ਗਈ ਗੋਲੀਬਾਰੀ ਵਿਚ ਫ਼ੌਜ ਦਾ ਇਕ ਸਿਪਾਹੀ ਮਾਰਿਆ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਨੌਗਾਮ ਸੈਕਟਰ ਵਿਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਦਾ ਭਾਰਤੀ ਫ਼ੌਜ ਨੇ ਢੁਕਵਾਂ ਜਵਾਬ ਦਿਤਾ। ਜ਼ਿਕਰਯੋਗ ਹੈ ਕਿ ਬੀਤੇ ਕਲ ਰਾਜੌਰੀ-ਪੁਣਛ ਖੇਤਰ ਵਿਚ ਪਾਕਿਸਤਾਨੀ ਫ਼ਾਇਰਿੰਗ ਦੌਰਾਨ 9 ਸਾਲ ਦੀ ਇਕ ਕੁੜੀ ਅਤੇ ਇਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਸੀ। (ਪੀ.ਟੀ.ਆਈ.)