ਸਲਮਾਨ ਖ਼ਾਨ ਦੀ ਜ਼ਮਾਨਤ 'ਤੇ ਨਹੀਂ ਹੋ ਸਕਿਆ ਕੋਈ ਫ਼ੈਸਲਾ, ਕੱਲ੍ਹ ਹੋਵੇਗੀ ਸੁਣਵਾਈ
ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਇਕ ਰਾਤ ਜੇਲ੍ਹ ਵਿਚ ਗੁਜ਼ਾਰਨ ਤੋਂ ਬਾਅਦ ਵੀ ਸਲਮਾਨ ਖ਼ਾਨ ਨੂੰ ਅਜੇ ਰਾਹਤ ਨਹੀਂ ਮਿਲੀ ਕਿਉਂਕਿ ਸਲਮਾਨ ਦੀ...
ਜੋਧਪੁਰ : ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਇਕ ਰਾਤ ਜੇਲ੍ਹ ਵਿਚ ਗੁਜ਼ਾਰਨ ਤੋਂ ਬਾਅਦ ਵੀ ਸਲਮਾਨ ਖ਼ਾਨ ਨੂੰ ਅਜੇ ਰਾਹਤ ਨਹੀਂ ਮਿਲੀ ਕਿਉਂਕਿ ਸਲਮਾਨ ਦੀ ਜ਼ਮਾਨਤ 'ਤੇ ਅੱਜ ਫ਼ੈਸਲਾ ਨਹੀਂ ਹੋ ਸਕਿਆ ਹੈ। ਹੁਣ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਕੱਲ੍ਹ ਫ਼ੈਸਲਾ ਸੁਣਾਏਗੀ। ਹਾਲਾਂਕਿ ਜ਼ਮਾਨਤ ਅਰਜ਼ੀ 'ਤੇ ਅਜੇ ਵੀ ਸੁਣਵਾਈ ਪੂਰੀ ਨਹੀਂ ਹੋਈ ਹੈ।
ਫਿ਼ਲਹਾਲ ਜਦੋਂ ਤਕ ਅਦਾਲਤ ਦਾ ਜ਼ਮਾਨਤ 'ਤੇ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਸਲਮਾਨ ਖ਼ਾਨ ਨੂੰ ਇਕ ਦਿਨ ਦੇ ਲਈ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਸਲਮਾਨ ਨੂੰ ਵੀਰਵਾਰ ਨੂੰ ਜੋਧਪੁਰ ਅਦਾਲਤ ਨੇ 20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ 5 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਅਦਾਲਤ ਤੋਂ ਸਿੱਧੇ ਸਲਮਾਨ ਖ਼ਾਨ ਨੂੰ ਜੋਧਪੁਰ ਦੀ ਸੈਂਟਰਲ ਜੇਲ੍ਹ ਭੇਜਿਆ ਗਿਆ ਸੀ।
ਵਿਰੋਧੀ ਪੱਖ ਦੇ ਵਕੀਲ ਮਹਿਪਾਲ ਬਿਸ਼ਨੋਈ ਅਤੇ ਸਲਮਾਨ ਖ਼ਾਨ ਦੇ ਬੁਲਾਰੇ ਹਸਤੀ ਮੱਲ ਸਾਰਸਵਤ ਨੇ ਇਹ ਜਾਣਕਾਰੀ ਦਿਤੀ। ਬਿਸ਼ਨੋਈ ਨੇ ਦਸਿਆ ਕਿ ਅਦਾਲਤ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣੀਆਂ। ਅਦਾਲਤ ਨੇ ਰਿਕਾਰਡ ਤਲਬ ਕਰਨ ਤੋਂ ਬਾਅਦ ਸੁਣਵਾਈ ਕੱਲ੍ਹ ਤਕ ਲਈ ਟਾਲ ਦਿਤੀ।
ਜੋਧਪੁਰ ਅਦਾਲਤ ਨੇ ਇਸ ਮਾਮਲੇ ਵਿਚ ਹੋਰ ਸਾਰੇ ਦੋਸ਼ੀਆਂ ਸੈਫ਼ ਅਲੀ ਖ਼ਾਨ, ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ ਨੂੰ ਬਰੀ ਕਰ ਦਿਤਾ ਸੀ। ਸਲਮਾਨ ਖ਼ਾਨ ਦੇ ਵਿਰੁਧ ਜਜਮੈਂਟ 196 ਪੇਜ਼ਾਂ ਦਾ ਹੈ।
ਜੋਧਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਸਜ਼ਾ 'ਤੇ ਬਹਿਸ ਦੌਰਾਨ ਜਿੱਥੇ ਸਰਕਾਰੀ ਵਕੀਲ ਨੇ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦੀ ਮੰਗ ਕੀਤੀ ਸੀ, ਉਥੇ ਹੀ ਸਲਮਾਨ ਦੇ ਵਕੀਲ ਨੇ ਘੱਟ ਤੋਂ ਘੱਟ ਸਜ਼ਾ ਦੀ ਮੰਗ ਕੀਤੀ ਸੀ। ਜੋਧਪੁਰ ਜੇਲ੍ਹ ਵਿਚ ਸਲਮਾਨ ਖ਼ਾਨ ਦਾ ਕੈਦੀ ਨੰਬਰ 106 ਹੈ ਅਤੇ ਉਨ੍ਹਾਂ ਨੂੰ ਬੈਰਕ ਨੰਬਰ ਦੋ ਵਿਚ ਰਖਿਆ ਗਿਆ ਹੈ।