ਚੀਨ ਦੀ ਕਮਿਊਨਿਸਟ ਪਾਰਟੀ ਦੀ ਮੈਂਬਰਾਂ ਨੂੰ ਚੇਤਾਵਨੀ 'ਨਾਸਤਕ ਬਣੋ, ਨਹੀਂ ਤਾਂ ਮਿਲੇਗੀ ਸਜ਼ਾ'
ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਹੁਣ ਨਾਸਤਕ ਬਣਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਜ਼ਾ ਦਿਤੀ ਜਾਵੇਗੀ। ਧਾਰਮਕ ਮਾਮਲਿਆਂ 'ਤੇ
ਨਵੀਂ ਦਿੱਲੀ, 19 ਜੁਲਾਈ : ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਹੁਣ ਨਾਸਤਕ ਬਣਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਜ਼ਾ ਦਿਤੀ ਜਾਵੇਗੀ। ਧਾਰਮਕ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਵਿਭਾਗ ਨੇ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਮੰਨਦਿਆਂ ਸੱਚਾ ਮਾਰਕਸਵਾਦੀ ਬਣਨ ਲਈ ਉਨ੍ਹਾਂ ਨੂੰ ਨਾਸਤਕ ਬਣਨਾ ਪਵੇਗਾ।
ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਜੇ ਕੋਈ ਮੈਂਬਰ ਧਾਰਮਕ ਤੌਰ-ਤਰੀਕਿਆਂ ਨੂੰ ਮੰਨਣਾ ਜਾਰੀ ਰਖਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਊਨਿਸਟ ਵਿਚਾਰਧਾਰਾ ਵਾਲੀ ਚੀਨ ਦੀ ਕਮਿਊਨਿਸਟ ਪਾਰਟੀ ਅਧਿਕਾਰਤ ਤੌਰ 'ਤੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ। ਮਾਰਕਸਵਾਦੀ ਸਿਧਾਂਤਾਂ ਮੁਤਾਬਕ ਪਾਰਟੀ ਖ਼ੁਦ ਨੂੰ ਨਾਸਤਕ ਮੰਨਦੀ ਹੈ। ਪਾਰਟੀ ਦੀ ਵਿਚਾਰਧਾਰਾ ਤੋਂ ਇਲਾਵਾ ਜੇ ਚੀਨ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ ਇਥੋਂ ਦੇ ਲੋਕਾਂ ਨੂੰ ਧਾਰਮਕ ਆਜ਼ਾਦੀ ਦਾ ਹੱਕ ਦਿਤਾ ਗਿਆ ਹੈ। ਇਸ ਸੰਵਿਧਾਨਕ ਅਧਿਕਾਰ ਦੇ ਬਾਵਜੂਦ ਜੇ ਚੀਨ ਦੀ ਪਾਰਟੀ ਅਪਣੇ ਮੈਂਬਰਾਂ 'ਤੇ ਜਬਰਨ ਨਾਸਤਕ ਬਣਨ ਦਾ ਦਬਾਅ ਪਾਉਂਦੀ ਹੈ ਤਾਂ ਇਹ ਸਾਫ਼ ਤੌਰ 'ਤੇ ਸੰਵਿਧਾਨ ਵਿਰੁਧ ਜਾਂਦਾ ਹੈ।
ਧਾਰਮਕ ਮਾਮਲਿਆਂ ਦੇ ਵਿਭਾਗ ਦੇ ਨਿਰਦੇਸ਼ਕ ਵਾਂਗ ਜੁਆਨ ਨੇ ਪਾਰਟੀ ਮੈਗਜ਼ੀਨ ਦੇ ਹਾਲੀਆ ਅੰਕ ਵਿਚ ਸਾਰੇ ਮੈਂਬਰਾਂ ਨੂੰ ਹਦਾਇਤ ਦਿੰਦਿਆਂ ਲਿਖਿਆ ਹੈ, 'ਪਾਰਟੀ ਦੇ ਮੈਂਬਰਾਂ ਨੂੰ ਕਿਸੇ ਧਰਮ ਵਿਚ ਯਕੀਨ ਨਹੀਂ ਰਖਣਾ ਚਾਹੀਦਾ।
ਇਹ ਸਾਰੇ ਮੈਂਬਰਾਂ ਲਈ ਚੇਤਾਵਨੀ ਹੈ।' ਵਾਂਗ ਨੇ ਅਪਣੇ ਲੇਖ ਵਿਚ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਤਾਕਤਾਂ ਧਰਮ ਨੂੰ ਹਥਿਆਰ ਬਣਾ ਕੇ ਘੁਸਪੈਠ ਕਰਨ ਅਤੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਚੀਨ ਦੀ ਕਮਿਊਨਿਸਟ ਪਾਰਟੀ ਦੇ 9 ਕਰੋੜ ਮੈਂਬਰ ਹਨ। ਧਾਰਮਕ ਜਥੇਬੰਦੀਆਂ ਨਾਲ ਜੁੜੇ ਮੈਂਬਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿਤਾ ਜਾਂਦਾ ਹੈ। ਵਾਂਗ ਨੇ ਲਿਖਿਆ ਹੈ ਕਿ ਪਾਰਟੀ ਦੇ ਮੈਂਬਰਾਂ ਦੀ ਵਿਚਾਰਧਾਰਾ ਮਾਰਕਸਵਾਦੀ ਹੋਵੇ। (ਏਜੰਸੀ)