ਸਿੱਖ ਜਵਾਨ ਨੇ ਨਕਸਲੀ ਹਮਲੇ 'ਚ ਪੱਗ ਉਤਾਰ ਕੇ ਜ਼ਖ਼ਮੀ ਸਾਥੀ ਦੇ ਬੰਨੀ ਪੱਟੀ
ਸਿੱਖ ਜਵਾਨ ਦੀ ਭਾਵਨਾ ਨੂੰ ਮੇਰਾ ਸਲਾਮ।
ਰਾਏਪੁਰ: ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਵਿਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋਏ ਗਏ। ਇਸ ਘਟਨਾ ਵਿਚ 31 ਜਵਾਨ ਜ਼ਖ਼ਮੀ ਹੋਏ ਹਨ। ਇਸ ਮੁਠਭੇੜ ਵਿਚ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਭਾਰਤੀ ਨਾਗਰਿਕ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਦਰਅਸਲ ਨਕਸਲੀਆਂ ਦਰਮਿਆਨ ਹੋਈ ਮੁਠਭੇੜ 'ਚ ਇਕ ਸਿੱਖ ਜਵਾਨ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ।
ਇਸ ਦੌਰਾਨ ਹੀ ਸਾਹਮਣੇ ਇਕ ਹੋਰ ਸਿਪਾਹੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਹ ਵੀ ਜ਼ਖਮੀ ਹੋ ਗਿਆ। ਜਿਵੇਂ ਹੀ ਉਸ ਨੂੰ ਗੋਲੀ ਲੱਗੀ 'ਤੇ ਸਿੱਖ ਜਵਾਨ ਨੇ ਆਪਣੀ ਪੱਗ ਉਤਾਰ ਕੇ ਆਪਣੇ ਸਾਥੀ ਦੇ ਜ਼ਖਮ 'ਤੇ ਪੱਟੀ ਬੰਨ੍ਹ ਦਿੱਤੀ।
ਇਸ ਘਟਨਾ ਨੂੰ ਆਈਪੀਐਸ ਅਧਿਕਾਰੀ ਆਰਕੇ ਵਿਜ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ, 'ਸਿੱਖ ਜਵਾਨ ਦੇ ਜਜ਼ਬੇ ਨੂੰ ਨੂੰ ਮੇਰਾ ਸਲਾਮ।' ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਦੇ ਹਮਲੇ ਵਿੱਚ ਜ਼ਖਮੀ ਹੋਏ ਦੋਵੇਂ ਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਸਥਿਰ ਹੈ। ਪੁਲਿਸ ਅਧਿਕਾਰੀ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਬੀਜਾਪੁਰ ’ਚ ਇਸ ਵਰ੍ਹੇ ਦਾ ਸਭ ਤੋਂ ਵੱਡਾ ਨਕਸਲੀ ਹਮਲਾ ਹੋਇਆ ਹੈ। ਹੁਣ ਤੱਕ 22 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸ਼ਹੀਦ ਹੋਏ ਜਵਾਨਾਂ 'ਚੋਂ 7 ਜਵਾਨ ਕੋਬਰਾ ਬਟਾਲੀਅਨ, 8 ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), 6 ਜਵਾਨ ਵਿਸ਼ੇਸ਼ ਟਾਸਕ ਫ਼ੋਰਸ ਤੇ ਬਸਤਾਰੀਆ ਬਟਾਲੀਅਨ ਦਾ 1 ਜਵਾਨ ਸ਼ਾਮਲ ਹੈ।