ਮਨਸੁੱਖ ਕਤਲ ਕੇਸ ਵਿਚ ਨਵਾਂ ਖੁਲਾਸਾ, ਸਚਿਨ ਵਾਜੇ ਬਾਰੇ ਸੀਸੀਟੀਵੀ ਫੁਟੇਜ ਆਈ ਸਾਹਮਣੇ
ਸਚਿਨ ਵਾਜੇ 4 ਮਾਰਚ ਦੀ ਸ਼ਾਮ 7.15 ਤੋਂ ਸ਼ਾਮ 7.30 ਵਜੇ ਦੇ ਵਿਚਕਾਰ ਇੱਕ ਸਥਾਨਕ ਰੇਲਗੱਡੀ ਫੜ ਕੇ ਠਾਣੇ ਗਿਆ ਸੀ।
ਮੁੰਬਈ: ਸਚਿਨ ਵਾਜੇ ਕੇਸ ਵਿਚ ਇਕ ਸੀਸੀਟੀਵੀ ਫੁਟੇਜ਼ ਸਾਹਮਣੇ ਆਇਆ ਹੈ ਜਿਸ ਵਿਚ ਸਚਿਨ ਵਾਜੇ ਸੀਐਸਟੀ ਸਟੇਸ਼ਨ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਐਨਆਈਏ ਦੇ ਸੂਤਰਾਂ ਅਨੁਸਾਰ ਸਚਿਨ ਵਾਜੇ 4 ਮਾਰਚ ਦੀ ਸ਼ਾਮ 7.15 ਤੋਂ ਸ਼ਾਮ 7.30 ਵਜੇ ਦੇ ਵਿਚਕਾਰ ਇੱਕ ਸਥਾਨਕ ਰੇਲਗੱਡੀ ਫੜ ਕੇ ਠਾਣੇ ਗਿਆ ਸੀ।
ਇਸ ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਾਜੇ ਪੈਦਲ ਚਲਦੇ ਹੋਏ ਸੀਐੱਸਟੀ ਸਟੇਸ਼ਨ ਵੱਲ ਜਾ ਰਿਹਾ ਹੈ।
ਮਨਸੁੱਖ ਹਿਰੇਨ ਹੱਤਿਆ ਮਾਮਲੇ ਦੀ ਜਾਂਚ ਦੌਰਾਨ ਐੱਨਆਈਏ ਨੂੰ ਜੋ ਸਬੂਤ ਮਿਲੇ ਹਨ ਉਹ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਮਨਸੁੱਖ ਕਤਲ ਕੇਸ ਦੇ ਸਮੇਂ ਸਚਿਨ ਠਾਣੇ ਗਿਆ ਸੀ। ਫਿਰ ਏਜੰਸੀਆ ਨੂੰ ਗੁੰਮਰਾਹ ਕਰਨ ਲਈ ਉਸ ਨੇ ਆਪਣਾ ਫ਼ੋਨ ਸੀਆਈਯੂ ਦੇ ਦਫ਼ਤਰ ਵਿਚ ਹੀ ਛੱਡ ਦਿੱਤਾ ਸੀ। ਦੱਸ ਦਈਏ ਕਿ ਸੀਐਸਟੀ ਸਟੇਸ਼ਨ ਦਾ ਸੀਸੀਟੀਵੀ ਫੁਟੇਜ਼ ਬਹੁਤ ਹੀ ਖ਼ਰਾਬ ਹੈ ਜਿਸ ਤੋਂ ਲੋਕ ਅੰਦਾਜ਼ਾ ਨਹੀਂ ਲਗਾ ਪਾ ਰਹੇ ਕਿ ਉਹੀ ਸਟਿਨ ਵਾਜੇ ਹੈ ਜਾਂ ਫਿਰ ਨਹੀਂ।
ਇਸ ਸੀਸੀਟੀਵੀ ਫੁਟੇਜ਼ ਬਾਰੇ ਪਤਾ ਕਰਨ ਲਈ ਐੱਨਆਈਏ ਨੇ ਸਚਿਨ ਵਾਜੇ ਨੂੰ ਉਸੇ ਪਲੇਟਫਾਰਮ 'ਤੇ ਦੁਬਾਰਾ ਚਲਾ ਕੇ ਦੇਖਿਆ ਤਾਂਕਿ ਉਸ ਦੀ ਚੱਲਣ ਦੀ ਚਾਲ ਨੂੰ ਦੇਖਿਆ ਜਾ ਸਕੇ ਅਤੇ ਸੀਸੀਟੀਵੀ ਫੁਟੇਜ਼ ਕੈਪਚਰ ਹੋ ਜਾਵੇ ਤਾਂ ਜੋ ਦੋਨਾਂ ਫੁਟੇਜ਼ ਨੂੰ ਮੈਚ ਕਰ ਕੇ ਦੇਖਿਆ ਜਾ ਸਕੇ। ਇਸ ਪੂਰੀ ਪ੍ਰਕਿਰਿਆ ਵਿਚ ਐੱਨਆਈਏ ਦੇ ਨਾਲ ਸੀਐੱਫਐੱਸੈੱਲ ਦੇ ਐਕਸਪਰਟ ਵੀ ਮੌਜੂਦ ਸਨ।
ਏਐੱਨਆਈ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ 4 ਮਾਰਚ ਦੀ ਰਾਤ ਨੂੰ ਜਦੋਂ ਮਨਸੁੱਖ ਹਿਰੇਨ ਦੀ ਹੱਤਿਆ ਹੋਈ ਸੀ ਉਸ ਦਿਨ ਸਚਿਨ ਵਾਜੇ ਸ਼ਾਮ 7 ਵਜੇ ਦੇ ਕਰੀਬ ਕਮਿਸ਼ਨਰ ਆਫਿਸ ਤੋਂ ਨਿਕਲ ਕੇ ਸੀਐਸਟੀ ਸਟੇਸ਼ਨ ਗਿਆ ਸੀ ਜਿੱਤੋਂ ਉਸ ਨੇ ਠਾਣੇ ਸਟੇਸ਼ਨ ਦੀ ਟਰੇਨ ਲਈ ਸੀ। ਹਾਲਾਂਕਿ, ਸਚਿਨ ਵਾਜੇ ਨੇ ਏਟੀਐਸ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਸਾਰਾ ਦਿਨ ਆਪਣੇ ਦਫ਼ਤਰ ਵਿੱਚ ਬੈਠਾ ਰਿਹਾ। ਐਨਆਈਏ ਸੂਤਰਾਂ ਨੇ ਦੱਸਿਆ ਕਿ 30 ਮਾਰਚ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਾਜੇ ਲੋਕਲ ਟ੍ਰੇਨ ਫੜਨ ਤੋਂ ਬਾਅਦ ਸੀਐਸਟੀ ਤੋਂ ਠਾਣੇ ਗਿਆ ਸੀ, ਜਿਸ ਤੋਂ ਬਾਅਦ ਐਨਆਈਏ ਨੇ ਜਾਂਚ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਇਹ ਫੁਟੇਜ਼ ਮਿਲਿਆ।