ਛੱਤੀਸਗੜ੍ਹ ’ਚ ਸੁਰੱਖਿਆ ਫ਼ੋਰਸ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਕਸਲ ਪ੍ਰਭਾਵਤ ਦੰਤੇਵਾੜਾ ਅਤੇ ਬੀਜਾਪੁਰ ਜ਼ਿਲ੍ਹੇ ’ਚ 19 ਅਪ੍ਰੈਲ ਨੂੰ ਹੋਣੀ ਹੈ ਵੋਟਿੰਗ 

Representative Image.

ਰਾਏਪੁਰ: ਛੱਤੀਸਗੜ੍ਹ ’ਚ ਨਕਸਲ ਪ੍ਰਭਾਵਤ ਬੀਜਾਪੁਰ ਜ਼ਿਲ੍ਹੇ ’ਚ ਸੁਰੱਖਿਆ ਫ਼ੋਰਸ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਉਸੁਰ ਥਾਣਾ ਖੇਤਰ ਹੇਠ ਤੇਲੰਗਾਨਾ-ਛੱਤੀਸਗੜ੍ਹ ਹੱਦ ’ਤੇ ਡੋਲੀਗੁੱਟਾ ਪਿੰਡ ਦੇ ਜੰਗਲਾਂ ’ਚ ਸੁਰਖਿਆ ਫ਼ੋਰਸ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ। 

ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਸੁਰਖਿਆ ਫ਼ੋਰਸ ਦੇ ਜਵਾਨ ਤੇਲੰਗਾਨਾ ਦੇ ‘ਗ੍ਰੇ ਹਾਊਂਡ’ ਨਾਲ ਦੋਹਾਂ ਸੂਬਿਆਂ ਦੇ ਸਰਹੱਦੀ ਇਲਾਕੇ ’ਚ ਨਕਸਲ ਰੋਧੀ ਮੁਹਿੰਮ ’ਤੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਲਗਭਗ 5:30 ਵਜੇ ਜਦੋਂ ਸੁਰਖਿਆ ਫ਼ੋਰਸ ਦੇ ਜਵਾਨ ਮੁਹਿੰਮ ’ਤੇ ਸਨ ਤਾਂ ਡੋਲੀਗੁੱਟਾ ਪਿੰਡ ਦੇ ਜੰਗਲਾਂ ’ਚ ਨਕਸਲੀਆਂ ਨੇ ਸੁਰਖਿਆ ਫ਼ੋਰਸ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੁਰਖਿਆ ਫ਼ੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ। 

ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਤੋਂ ਬਾਅਦ ਨਕਸਲੀ ਉਥੋਂ ਭੱਜ ਗਏ। ਬਾਅਦ ’ਚ ਜਦੋਂ ਸੁਰਖਿਆ ਫ਼ੋਰਸ ਦੇ ਜਵਾਨਾਂ ਨੇ ਘਟਨਾ ਵਾਲੀ ਥਾਂ ਦੀ ਤਲਾਸ਼ੀ ਲਈ ਤਾਂ ਉੱਥੇ ਤਿੰਨ ਨਕਸਲੀਆਂ ਦੀ ਲਾਸ਼, ਇਕ ਐਲ.ਐਮ.ਜੀ., ਇਕ ਏ.ਕੇ.-47 ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ। 

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਨਕਸਲੀਆਂ ਵਿਰੁਧ ਮੁਹਿੰਮ ਜਾਰੀ ਹੈ। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਬੀਜਾਪੁਰ ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ’ਚ ਸੁਰੱਖਿਆ ਫ਼ੋਰਸ ਨੇ ਮੰਗਲਵਾਰ ਨੂੰ ਮੁਕਾਬਲੇ ’ਚ ਤਿੰਨ ਔਰਤ ਨਕਸਲੀਆਂ ਸਮੇਤ 13 ਨਕਸਲੀਆਂ ਨੂੰ ਮਾਰ ਦਿਤਾ ਸੀ। ਜਦਕਿ ਦੰਤੇਵਾੜਾ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਸੁਰਖਿਆ ਫ਼ੋਰਸ ਨੇ ਇਕ ਨਕਸਲੀ ਨੂੰ ਮਾਰ ਦਿਤਾ ਸੀ। ਦੰਤੇਵਾੜਾ ਅਤੇ ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਖੇਤਰ ਹੇਠ ਆਉਂਦਾ ਹੈ, ਜਿੱਥੇ 19 ਅਪ੍ਰੈਲ ਨੂੰ ਆਮ ਚੋਣਾਂ ਦੇ ਪਹਿਲੇ ਪੜਾਅ ’ਚ ਵੋਟਿੰਗ ਹੋਵੇਗੀ।