Tamil Nadu News : ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ’ਚ ਪੰਬਨ ਪੁਲ ਦਾ ਕੀਤਾ ਉਦਘਾਟਨ
Tamil Nadu News : ਮੁੱਖ ਮੰਤਰੀ ਸਟਾਲਿਨ ਪ੍ਰੋਗਰਾਮ ’ਚੋਂ ਰਹੇ ਗੈਰਹਾਜ਼ਰ
Tamil Nadu News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਮੇਸ਼ਵਰਮ ਟਾਪੂ ਅਤੇ ਮੁੱਖ ਭੂਮੀ ਦਰਮਿਆਨ ਰੇਲ ਸੰਪਰਕ ਪ੍ਰਦਾਨ ਕਰਨ ਵਾਲੇ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ ਅਤੇ ਨਵੀਂ ਰਾਮੇਸ਼ਵਰਮ-ਤੰਬਰਮ (ਚੇਨਈ) ਰੇਲ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਇਕ ਤੱਟ ਰੱਖਿਅਕ ਜਹਾਜ਼ ਨੂੰ ਵੀ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜੋ ਪੁਲ ਦੇ ਹੇਠੋਂ ਲੰਘਿਆ।
ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇਸ ਵੱਡੇ ਸਮਾਰੋਹ ਵਿਚ ਹਿੱਸਾ ਨਹੀਂ ਲਿਆ ਅਤੇ ਹੱਦਬੰਦੀ ਦੇ ਮੁੱਦੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਪੁਲ ਦੇ ਉਦਘਾਟਨ ਵਿਚ ਹਿੱਸਾ ਲੈਣ ਵਿਚ ਅਪਣੀ ਅਸਮਰੱਥਾ ਤੋਂ ਜਾਣੂ ਕਰਵਾ ਚੁਕੇ ਹਨ ਕਿਉਂਕਿ ਉਨ੍ਹਾਂ ਦੀ ਪਹਿਲਾਂ ਤੋਂ ਅਧਿਕਾਰਤ ਵਚਨਬੱਧਤਾ ਸੀ। ਮੁੱਖ ਮੰਤਰੀ ਐਤਵਾਰ ਨੂੰ ਅਧਿਕਾਰਤ ਰੁਝੇਵਿਆਂ ’ਚ ਸ਼ਾਮਲ ਹੋਣ ਲਈ ਪਹਾੜੀ ਸ਼ਹਿਰ ਉਧਗਮੰਡਲਮ ’ਚ ਸਨ।
ਇਹ ਪੁਲ ਦੇਸ਼ ਭਰ ਤੋਂ ਸਾਲ ਭਰ ਵੱਡੀ ਗਿਣਤੀ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਅਧਿਆਤਮਕ ਸਥਾਨ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਤਿਆਰ ਹੈ। 550 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਭਾਰਤ ਦਾ ਪਹਿਲਾ ਖੜ੍ਹਵਾਂ ਸੀ-ਲਿਫਟ ਪੁਲ ਹੈ।
2.08 ਕਿਲੋਮੀਟਰ ਤਕ ਫੈਲੇ ਇਸ ਪੁਲ ’ਚ 99 ਸਪੈਨ ਅਤੇ 72.5 ਮੀਟਰ ਲੰਮੇ ਖੜ੍ਹਵੇਂ ਲਿਫਟ ਸਪੈਨ ਸ਼ਾਮਲ ਹਨ ਜਿਨ੍ਹਾਂ ਨੂੰ 17 ਮੀਟਰ ਤਕ ਉੱਚਾ ਕੀਤਾ ਜਾ ਸਕਦਾ ਹੈ ਜਿਸ ਨਾਲ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਸੁਚਾਰੂ ਢੰਗ ਨਾਲ ਲੰਘਣ ਦਾ ਮੌਕਾ ਮਿਲਦਾ ਹੈ ਅਤੇ ਨਿਰਵਿਘਨ ਰੇਲ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਪੁਲ ਪਰੰਪਰਾ ਅਤੇ ਤਕਨਾਲੋਜੀ ਦਾ ਇਕ ਕਮਾਲ ਦਾ ਮਿਸ਼ਰਣ ਹੈ।
ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ, ਰਾਜ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਅਤੇ ਹੋਰ ਵੀ ਮੌਜੂਦ ਸਨ। ਸ੍ਰੀਲੰਕਾ ਤੋਂ ਪਹੁੰਚਣ ’ਤੇ ਰਵੀ, ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ, ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ, ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਕੇ. ਅੰਨਾਮਲਾਈ, ਐਚ. ਰਾਜਾ ਅਤੇ ਵਨਾਤੀ ਸ਼੍ਰੀਨਿਵਾਸਨ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਮੋਦੀ ਦਾ ਨਿੱਘਾ ਸਵਾਗਤ ਕੀਤਾ।
(For more news apart from Prime Minister Modi inaugurated Pamban Bridge in Tamil Nadu News in Punjabi, stay tuned to Rozana Spokesman)