ਸ਼ੋਪੀਆਂ ਮੁਠਭੇੜ ਵਿਚ ਪੰਜ ਅਤਿਵਾਦੀ ਢੇਰ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਐਤਵਾਰ ਨੂੰ ਹੋਈ ਮੁਠਭੇੜ ਵਿਚ 5 ਅਤਿਵਾਦੀਆਂ ਨੂੰ ਮਾਰ ...
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਐਤਵਾਰ ਨੂੰ ਹੋਈ ਮੁਠਭੇੜ ਵਿਚ 5 ਅਤਿਵਾਦੀਆਂ ਨੂੰ ਮਾਰ ਗਿਰਾਇਆ ਗਿਆ। ਪੁਲਿਸ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅਤਿਵਾਦੀਆਂ ਵਿਚ ਹਿਜ਼ਬੁਲ ਮੁਜਾਹਿਦੀਨ ਦਾ ਸੀਨੀਅਰ ਕਮਾਂਡਰ ਸੱਦਾਮ ਪੈਡਰ ਵੀ ਸ਼ਾਮਲ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੀ ਪਛਾਣ ਹੋਣ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਜਾ ਸਕੇਗੀ। ਪੁਲਿਸ ਮੁਖੀ ਐਸ ਪੀ ਵੈਦ ਨੇ ਟਵੀਟ ਕੀਤਾ ''ਬਡੀਗਾਮ ਜੈਨਾਪੁਰਾ ਸ਼ੋਪੀਆਂ ਵਿਚ ਮੁਠਭੇੜ ਖ਼ਤਮ ਹੋਈ, ਪੰਜੇ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸ਼ਾਬਾਸ਼ ਬਹਾਦਰੋ, ਫ਼ੌਜ-ਸੀਆਰਪੀਐਫ-ਜੰਮੂ ਕਸ਼ਮੀਰ ਪੁਲਿਸ।''
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਦੀ ਸ਼ਨਾਖ਼ਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅਜੇ ਤਕ ਪਤਾ ਨਹੀਂ ਚੱਲ ਸਕਿਆ ਹੈ ਕਿ ਉਨ੍ਹਾਂ ਦਾ ਸਬੰਧ ਕਿਸ ਸਮੂਹ ਨਾਲ ਹੈ। ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਗੁਪਤ ਸੂਚਨਾ 'ਤੇ ਸੁਰੱਖਿਆ ਬਲਾਂ ਵਲੋਂ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਜੈਨਾਪੁਰਾ ਇਲਾਕੇ ਵਿਚ ਬਡੀਗਾਮ ਪਿੰਡ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇਹ ਮੁਠਭੇੜ ਸ਼ੁਰੂ ਹੋਈ।
ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅਤਿਵਾਦੀਆਂ ਵਿਚ ਸ਼ੁਕਰਵਾਰ ਨੂੰ ਲਾਪਤਾ ਹੋਇਆ ਕਸ਼ਮੀਰ ਯੂਨੀਵਰਸਿਟੀ ਦਾ ਇਕ ਪ੍ਰੋਫ਼ੈਸਰ ਵੀ ਸ਼ਾਮਲ ਹੈ। ਮੱਧ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਦੇ ਚੋਣਵੇਂ ਚੁੰਦਿਨਾ ਖੇਤਰ ਦਾ ਰਹਿਣ ਵਾਲਾ ਰਵੀ ਭੱਟ ਯੂਨੀਵਰਸਿਟੀ ਦੇ ਸ਼ੋਸ਼ੀਓਲਾਜ਼ੀ ਵਿਭਾਗ ਵਿਚ ਠੇਕੇ ਦੇ ਆਧਾਰ 'ਤੇ ਬਤੌਰ ਸਹਾਇਕ ਪ੍ਰੋਫੈਸਰ ਨਿਯੁਕਤ ਸੀ, ਜਿਸ ਦੇ ਅਤਿਵਾਦੀ ਸਮੂਹ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਸਨ।
ਕਸ਼ਮੀਰ ਦੇ ਪੁਲਿਸ ਦੇ ਆਈਜੀ ਐਸਪੀ ਪਾਣੀ ਨੇ ਦਸਿਆ ਕਿ ਖ਼ਬਰ ਸੀ ਕਿ ਉਥੇ ਘੇਰੇ ਗਏ ਅਤਿਵਾਦੀਆਂ ਵਿਚ ਭੱਟ ਵੀ ਸ਼ਾਮਲ ਸੀ। ਉਨ੍ਹਾਂ ਦਸਿਆ ਕਿ ਪੁਲਿਸ ਗੰਦੇਰਬਲ ਤੋਂ ਉਸ ਦੇ ਪਰਵਾਰ ਨੂੰ ਨਾਲ ਲੈ ਕੇ ਆਈ ਸੀ ਤਾਕਿ ਉਹ ਆਤਮ ਸਮਰਪਣ ਕਰ ਦੇਵੇ। ਪ੍ਰੋਫੈਸਰ ਦੇ ਗ਼ਾਇਬ ਹੋਣ ਤੋਂ ਬਾਅਦ ਯੂਨੀਵਰਸਿਟੀ ਵਿਚ ਕਲ ਜਮ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ, ਜਿਸ ਤੋਂ ਬਾਅਦ ਕੁਲਪਤੀ ਨੇ ਪੁਲਿਸ ਮੁਖੀ ਨੂੰ ਪੱਤਰ ਲਿਖ ਕੇ ਭੱਟ ਨੂੰ ਲੱਭਣ ਦਾ ਹਰ ਸੰਭਵ ਯਤਨ ਕਰਨ ਦੀ ਬੇਨਤੀ ਕੀਤੀ ਸੀ।