ਬਲਾਤਕਾਰੀਆਂ ਨੂੰ ਹੋਵੇ ਫਾਂਸੀ : ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਬਲਾਤਕਾਰੀਆਂ ਦੇ ਮੂੰਹ 'ਤੇ ਥੁੱਕਣ ਔਰਤਾਂ

Naidu

ਗੁੰਟਰ, 5 ਮਈ: ਦੇਸ਼ ਵਿਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ 'ਤੇ ਸਖ਼ਤ ਰੁਖ ਪ੍ਰਗਟਾਉਂਦਿਆਂ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਬਲਾਤਕਾਰੀਆਂ ਵਿਰੁਧ ਕੋਈ ਰਹਿਮ ਨਹੀਂ ਹੋਣਾ ਚਾਹੀਦਾ ਅਤੇ ਇਨ੍ਹਾਂ ਨੂੰ ਸਿਰਫ਼ ਇਕ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਹ ਹੈ ਫਾਂਸੀ। ਉਨ੍ਹਾਂ ਕਿਹਾ ਕਿ ਬਲਾਤਕਾਰ ਕਰਨ ਵਾਲੇ ਨੂੰ ਉਸੇ ਦਿਨ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਦਿਨ ਉਹ ਬਲਾਤਕਾਰ ਕਰ ਰਿਹਾ ਹੈ, ਉਹ ਦਿਨ ਉਸ ਦਾ ਆਖ਼ਰੀ ਦਿਨ ਹੈ। ਸਮਾਜ ਵਿਚ ਬਲਾਤਕਾਰੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਥੇ ਵੀ ਬਲਾਤਕਾਰੀ ਮਿਲ ਜਾਣ, ਉਥੇ ਹੀ ਔਰਤਾਂ ਨੂੰ ਉਨ੍ਹਾਂ ਦੇ ਮੂੰਹ 'ਤੇ ਥੁਕਣਾ ਚਾਹੀਦਾ ਹੈ ਤਾਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਨਾ ਵੇਖੇ ਅਤੇ ਨਾ ਹੀ ਉਸ ਨਾਲ ਬਲਾਤਕਾਰ ਕਰਨ ਬਾਰੇ ਸੋਚ ਸਕੇ। 

9 ਸਾਲਾ ਬਲਾਤਕਾਰ ਪੀੜਤ ਨੂੰ ਅੱਜ ਹਸਪਤਾਲ ਵਿਖੇ ਮਿਲਣ ਤੋਂ ਬਾਅਦ ਨਾਇਡੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਵੇਂ ਕਾਨੂੰਨ ਤਹਿਤ ਬੱਚਿਆਂ ਦੇ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦਾ ਸਵਾਗਤ ਕਰਦੇ ਹਨ। ਮੁੱਖ ਮੰਤਰੀ ਨੇ ਬਲਾਤਕਾਰ ਪੀੜਤ ਇਸ ਬੱਚੀ ਦੇ ਭਵਿੱਖ ਲਈ ਉਸ ਦੇ ਨਾਂ 'ਤੇ ਪੰਜ ਲੱਖ ਰੁਪਏ ਜਮ੍ਹਾਂ ਕਰਵਾਏ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪੀੜਤ ਬੱਚੀ ਦੇ ਪਿਤਾ ਨੂੰ ਦੋ ਦੋ ਹੈਕਟੇਅਰ ਖੇਤੀ ਜ਼ਮੀਨ, ਇਕ ਘਰ ਅਤੇ ਨੌਕਰੀ ਦਿਤੀ ਜਾਵੇਗੀ। ਨਾਇਡੂ ਨੇ ਕਿਹਾ ਕਿ ਉਹ ਇਸ ਪੀੜਤ ਬੱਚੀ ਦੀ ਸਿਖਿਆ ਦਾ ਸਾਰਾ ਖ਼ਰਚਾ ਚੁਕਣਗੇ, ਜਿੰਨੀ ਦੇਰ ਉਹ ਪੜ੍ਹੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਸ ਬੱਚੀ ਦੇ ਬਲਾਤਕਾਰੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ।  (ਪੀ.ਟੀ.ਆਈ.)