ਐਨਐਸਜੀ ਜਵਾਨ ਨੂੰ ਦਿੱਲੀ ਵਿੱਚ ਨਹੀਂ ਮਿਲਿਆ ICU ਬੈੱਡ, ਰਸਤੇ ਵਿੱਚ ਤੋੜਿਆ ਦਮ
ਸਮੇਂ ਸਿਰ ਨਹੀਂ ਮਿਲੀ ਸਿਹਤ ਸਹੂਲਤ
ਨਵੀਂ ਦਿੱਲੀ: ਦਿੱਲੀ ਸਮੇਤ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਬੁਰਾ ਹਾਲ ਹੈ। ਕਈ ਥਾਵਾਂ ਤੋਂ ਆਕਸੀਜਨ, ਦਵਾਈਆਂ, ਬੈੱਡ ਦੀ ਘਾਟ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀਆਂ ਕਈ ਰਿਪੋਰਟਾਂ ਵੀ ਆਈਆਂ ਹਨ ਜਿੱਥੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ।
ਨੈਸ਼ਨਲ ਸਿਕਿਓਰਿਟੀ ਗਾਰਡ (ਐਨਐਸਜੀ) ਦੇ ਇੱਕ ਸੀਨੀਅਰ ਕਮਾਂਡੋ 5 ਮਈ ਨੂੰ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਵੈਂਟੀਲੇਟਰਾਂ ਅਤੇ ਐਂਬੂਲੈਂਸਾਂ ਦਾ ਇੰਤਾਜ਼ਾਮ ਨਾ ਹੋਣ ਕਰਕੇ ਸੀਨੀਅਰ ਕਮਾਂਡੋ ਦੀ ਮੌਤ ਹੋ ਗਈ।
ਕੋਰੋਨਾ ਵਾਇਰਸ ਕਾਰਨ ਭਾਰਤ ਦੀ ਚੋਟੀ ਦੇ ਅੱਤਵਾਦ ਰੋਕੂ ਕਮਾਂਡੋ ਫੋਰਸ ਵਿੱਚ ਇਹ ਪਹਿਲੀ ਮੌਤ ਹੈ। ਦੱਸਿਆ ਜਾ ਰਿਹਾ ਹੈ ਕਿ ਬੀਰੇਂਦਰ ਕੁਮਾਰ ਝਾ ਨੂੰ 22 ਅਪ੍ਰੈਲ ਨੂੰ ਕੋਰੋਨਾ ਦੀ ਲਾਗ ਕਾਰਨ ਅਰਧ ਸੈਨਿਕ ਰੈਫ਼ਰਲ ਹਸਪਤਾਲ ਨੋਇਡਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਉਹਨਾਂ ਦੀ ਹਾਲਤ ਠੀਕ ਸੀ, ਪਰ 4 ਮਈ ਨੂੰ ਸ਼ਾਮ 6 ਵਜੇ ਅਚਾਨਕ ਬੀਰੇਂਦਰ ਕੁਮਾਰ ਝਾ ਦੀ ਸਿਹਤ ਵਿਗੜ ਗਈ, ਉਹਨਾਂ ਦਾ ਆਕਸੀਜਨ ਲੈਵਲ ਹੇਠਾਂ ਜਾਣਾ ਸ਼ੁਰੂ ਹੋ ਗਿਆ।
ਬੀਰੇਂਦਰ ਕੁਮਾਰ ਝਾ ਨੂੰ ਨੋਇਡਾ ਰੈਫਰਲ ਹਸਪਤਾਲ ਵਿਚ ਆਈਸੀਯੂ ਬੈੱਡ ਨਾ ਮਿਲਣ ਕਾਰਨ ਹੋਰ ਹਸਪਤਾਲ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ ਗਈ, ਜਿਸ ਤੋਂ ਤੁਰੰਤ ਬਾਅਦ ਹੀ ਦਿੱਲੀ ਵਿੱਚ ਹਸਪਤਾਲ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਐਨਐਸਜੀ ਦੇ ਸਮੂਹ ਕਮਾਂਡਰ ਨੂੰ ਹਸਪਤਾਲ ਵਿੱਚ ਆਈਸੀਯੂ ਬੈੱਡ ਮਿਲਣ ਵਿੱਚ 5 ਘੰਟੇ ਤੋਂ ਵੱਧ ਦਾ ਸਮਾਂ ਬੀਤ ਗਿਆ, ਜਿਸ ਦੌਰਾਨ ਬੀਰੇਂਦਰ ਕੁਮਾਰ ਝਾ ਦੀ ਸਿਹਤ ਹੋਰ ਨਾਜ਼ੁਕ ਹੋ ਗਈ ਅਤੇ ਹਸਪਤਾਲ ਲਿਜਾਂਦੇ ਰਾਹ ਵਿਚ ਹੀ ਉਹਨਾਂ ਦੀ ਮੌਤ ਹੋ ਗਈ।