ਆਕਸੀਜਨ ਲਈ ਦਰ-ਦਰ ਭਟਕ ਰਹੇ ਮਰੀਜ਼ਾਂ ਲਈ ‘ਉਮੀਦ ਦੇ ਬੰਦੇ’ ਬਣੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥੋੜ੍ਹੀ-ਥੋੜ੍ਹੀ ਆਕਸੀਜਨ ਦੇ ਕੇ, ਬਚਾਅ ਰਹੇ ਹਨ ਕੀਮਤੀ ਜਾਨਾਂ

patients

ਨਵੀਂ ਦਿੱਲੀ (ਅਮਨਦੀਪ ਸਿੰਘ) : ਕੋਰੋਨਾ ਕਰ ਕੇ ਦਿੱਲੀ ਵਰਗੇ ਸ਼ਹਿਰਾਂ ਦੇ ਹਾਲਾਤ ਨਾਜ਼ੁਕ ਬਣੇ ਹੋਏ ਹਨ। ਮਰੀਜ਼ਾਂ ਦੇ ਰਿਸ਼ਤੇਦਾਰ ਆਕਸੀਜਨ ਲਈ ਦਰ-ਦਰ ਇਉਂ ਭਟਕ ਰਹੇ ਹਨ, ਜਿਵੇਂ ਕੋਈ ਪਿਆਸਾ ਮਾਰੂਥਲ ਵਿਚ ਪਾਣੀ ਲਈ ਭਟਕਦਾ ਫਿਰਦਾ ਹੋਵੇ। ਅਜਿਹੇ ਵਿਚ ਵਿਸ਼ੇਸ਼ ਕੈਂਪਾਂ ’ਚ ਥੋੜੀ-ਥੋੜੀ ਆਕਸੀਜਨ ਚੜ੍ਹਾ ਕੇ, ਮਰੀਜ਼ਾਂ ਲਈ ‘ਉਮੀਦ ਦੇ ਬੰਦੇ’ ਬਣ ਕੇ ਸਿੱਖ ਕੀਮਤੀ ਜਾਨਾਂ ਬਚਾਅ ਰਹੇ ਹਨ। 

ਇਥੋਂ ਦੇ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੋੜ ਵਿਖੇ ਫ਼ਤਿਹ ਦਿਵਸ ਪਾਰਕ ਵਿਚ ਪਿਛਲੇ ਇਕ ਹਫ਼ਤੇ ਤੋਂ ਹੁਣ ਤਕ ਤਕਰੀਬਨ ਇਕ ਹਜ਼ਾਰ ਮਰੀਜ਼ ਆ ਚੁਕੇ ਹਨ, ਜਿਨ੍ਹਾਂ ਨੂੰ ਘੰਟਾ-ਡੇਢ ਘੰਟਾ ‘ਆਕਸੀਜਨ ਕੰਨਸੰਨਟ੍ਰੇਟਰ’ ਮਸ਼ੀਨਾਂ ਰਾਹੀਂ ਆਕਸੀਜਨ ਚੜ੍ਹਾ ਕੇ, ਆਕਸੀਜਨ ਪੱਧਰ ਠੀਕ ਕਰ ਕੇ, ਵਾਪਸ ਘਰਾਂ ਨੂੰ ਭੇਜਿਆ ਜਾਂਦਾ ਹੈ। ਇਕੋ ਵੇਲੇ ਤਕਰੀਬਨ 15 ਜਣਿਆਂ ਨੂੰ ਆਕਸੀਜਨ ਦੇਣ ਦਾ ਪ੍ਰਬੰਧ ਹੈ। 

‘ਅਕਾਲ ਪੁਰਖ ਕੀ ਫ਼ੌਜ’ ਅਤੇ ‘ਵਾਇਸ ਆਫ਼ ਵਾਇਸਲੈੱਸ ਜਥੇਬੰਦੀ’ ਦੇ ਸਾਂਝੇ ਉੱਦਮ ਨਾਲ ਚਲ ਰਹੇ ਆਕਸੀਜਨ ਲੰਗਰ/ਕੈਂਪ ਵਿਚ ਹਰ ਰੋਜ਼ ਦੁਪਹਿਰ 3 ਵਜੇ ਤੋਂ ਲੈ ਕੇ ਅੱਧੀ ਰਾਤ ਦੇ 3-4 ਵਜੇ ਤਕ ਮਰੀਜ਼ਾਂ ਦੀ ਸੇਵਾ ਲਈ 12 ਤੋਂ 14 ਕਾਰਕੁਨ ਮੌਕੇ ’ਤੇ ਹਾਜ਼ਰ ਰਹਿੰਦੇ ਹਨ। ਮੌਕੇ ’ਤੇ ‘ਅਮਨਪ੍ਰੀਤ ਸਿੰਘ ਜੌਲੀ’ ਜਲ ਸੇਵਾ ਦੀ ਮਸ਼ੀਨ, ਕੋਲ ਹੀ 2 ਮੋਬਾਈਲ ਪਖ਼ਾਨੇ ਲਾਏ ਹੋਏ ਹਨ।

ਇਥੇ ਪਹੁੰਚਣ ’ਤੇ ਪਹਿਲਾਂ ਮਰੀਜ਼ ਦਾ ਆਕਸੀਜਨ ਪੱਧਰ ਚੈੱਕ ਕੀਤਾ ਜਾਂਦਾ ਹੈ, ਫਿਰ  ਉਸ ਨੂੰ ਪਾਣੀ ਵਿਚ ਓਆਰਐਸ ਮਿਲਾ ਕੇ ਦਿਤਾ ਜਾਂਦਾ ਹੈ। ਉਸ ਨਾਲ ਆਏ ਤੀਮਾਰਦਾਰ ਨੂੰ ਖਾਣ ਨੂੰ ਪੈੱਕ ਰੋਟੀ ਵੀ ਮੁਫ਼ਤ ਦਿਤੀ ਜਾਂਦੀ ਹੈ। ਬਾਅਦ ਦੁਪਹਿਰ ਮੌਕੇ ’ਤੇ ਪਹੁੰਚ ਕੇ ‘ਸਪੋਕਸਮੈਨ’ ਨੇ ਵੇਖਿਆ ਕਿ ਮਰੀਜ਼ਾਂ ਦੇ ਰਿਸ਼ਤੇਦਾਰ ਘਬਰਾਏ ਹੋਏ ਪਹੁੰਚ ਰਹੇ ਸਨ ਤੇ ਜਦੋਂ ਉਨ੍ਹਾਂ ਦੇ ਰੋਗੀ ਹੋਏ ਰਿਸ਼ਤੇਦਾਰ ਨੂੰ ਇਕ ਘੰਟਾ ਆਕਸੀਨ ਚੜ੍ਹਾ ਦਿਤੀ ਜਾਂਦੀ, ਤਾਂ ਉਹ ਅਸੀਸਾਂ ਦੇ ਕੇ, ਖਿੜੇ ਮੱਥੇ ਵਾਪਸ ਪਰਤ ਰਹੇ ਸਨ। ਇਕ ਮਰੀਜ਼ 13 ਕਿਲੋਮੀਟਰ ਦੂਰ ਬਾਹਰੀ ਦਿੱਲੀ ਦੇ ਨਾਂਗਲੋਈ ਤੋਂ ਪੁੱਜਿਆ ਸੀ। ਇਕ ਹੋਰ 10 ਕਿਲੋਮੀਟਰ ਦੂਰ ਦਵਾਰਕਾ ਤੋਂ ਆਕਸੀਜਨ ਲਈ ਆਇਆ ਸੀ।

ਇਥੇ ਸੇਵਾ ਨਿਭਾਅ ਰਹੇ ਫ਼ਤਿਹ ਨਗਰ ਦੇ ਵਸਨੀਕ ਮਹਿੰਦਰ ਸਿੰਘ ਨੇ ਦਸਿਆ, “ਹਰ ਰੋਜ਼ ਇਕ 100 ਤਕ ਅਜਿਹੇ ਮਰੀਜ਼ ਆ ਰਹੇ ਹਨ, ਜਿਨ੍ਹਾਂ ਦਾ ਆਕਸੀਜਨ ਪੱਧਰ 74 ਜਾਂ ਇਸ ਤੋਂ ਹੇਠਾਂ 70 ਤਕ ਹੁੰਦਾ ਹੈ। ਇਕ-ਡੇਢ ਘੰਟਾ ਆਕਸੀਜਨ ਚੜ੍ਹਾ ਕੇ, ਮਰੀਜ਼ ਦਾ ਪੱਧਰ 90 ਜਾਂ ਇਸ ਤੋਂ ਵੱਧ ਪਹੁੰਚ ਜਾਂਦਾ ਹੈ ਤਾਂ ਉਨ੍ਹਾਂ ਨੂੂੰ ਘਰ ਭੇਜ ਦਿਤਾ ਜਾਂਦਾ ਹੈ। ਸ਼ੁਰੂਆਤ ’ਚ ਆਕਸੀਜਨ ਦੇਣ ਲਈ 8 ਮਸ਼ੀਨਾਂ ਸਨ ਜੋ ਹੁਣ ਵੱਧ ਕੁ 15 ਹੋ ਚੁਕੀਆਂ ਹਨ।

ਆਕਸੀਜਨ ਚੜ੍ਹਾਉਣ ਤੋਂ ਪਹਿਲਾਂ ਇਕ ਫ਼ਾਰਮ ਭਰਵਾ ਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਲਈ ਜਾਂਦੀ ਹੈ ਤੇ ਉਸ ਦਾ ਆਧਾਰ ਕਾਰਡ ਨੰਬਰ ਵੀ ਨੋਟ ਕੀਤਾ ਜਾਂਦਾ ਹੈ। ਕਈ ਮਰੀਜ਼ ਤਾਂ ਐਨੀ ਨਾਜ਼ੁਕ ਹਾਲਤ ਵਾਲੇ ਆ ਚੁਕੇ ਹਨ, ਜਿਨ੍ਹਾਂ ਦਾ ਆਕਸੀਜਨ ਪੱਧਰ 60 ਤੋਂ ਹੇਠਾਂ ਸੀ ਤੇ ਕਈਆਂ ਦੀ ਮੌਤ ਵੀ ਹੋ ਚੁਕੀ ਹੈ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇੰਨੀ ਕੁ ਤਸੱਲੀ ਹੁੰਦੀ ਕਿ ਘੱਟੋ-ਘੱਟ ਉਹ ਅਖ਼ੀਰਲੇ ਵੇਲੇ ਅਪਣੇ ਪਿਆਰੇ ਨੂੰ  ਆਕਸੀਜਨ ਤਾਂ ਦਿਵਾ ਹੀ ਸਕੇ ਹਨ।’’

ਜਦੋਂ ਮਸ਼ੀਨਾਂ ਲਈ ਸਹਿਯੋਗ, ਪ੍ਰਬੰਧ ਤੇ ਸਰਕਾਰੀ ਪ੍ਰਵਾਨਗੀ ਬਾਰੇ ਸਵਾਲ ਪੁੱਛੇ ਤਾਂ ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੇ ਨੁਮਾਇੰਦੇ ਨੌਜਵਾਨ ਮਨਮੀਤ ਸਿੰਘ ਨੇ ਕਿਹਾ, “ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਤੇ ਲੋਕਾਂ ਨੂੰ ਪਤਾ ਹੋਵੇ ਕਿ ਤੁਸੀਂ ਜ਼ਮੀਨ ’ਤੇ ਕੰਮ ਕਰ ਰਹੇ ਹੋ ਤਾਂ ਅਪਣੇ ਆਪ ਮਸ਼ੀਨਾਂ ਲਈ ਮਦਦ ਮਿਲ ਜਾਂਦੀ ਹੈ। ਨਾਲੇ ਜਿਥੇ ਨਿਸ਼ਾਨ ਸਾਹਿਬ ਲੱਗਾ ਹੋਵੇ, ਉਥੇ ਅਜਿਹੇ ਕੰਮਾਂ ਲਈ ਕਿਸੇ ਤੋਂ ਪ੍ਰਵਾਨਗੀ ਦੀ ਲੋੜ ਨਹੀਂ ਪੈਂਦੀ। ਵੱਖ-ਵੱਖ ਥਾਂਵਾਂ ਤੋਂ ਹੁਣ ਤਕ ਆਕਸੀਜਨ ਦੀਆਂ 18 ਮਸ਼ੀਨਾਂ ਮਿਲ ਚੁਕੀਆਂ ਹਨ।’’  ਕੇਜਰੀਵਾਲ ਸਰਕਾਰ ਤੋਂ ਸਹਿਯੋਗ ਬਾਰੇ ਪੁੱਛਣ ’ਤੇ ਮਨਮੀਤ ਸਿੰਘ ਨੇ ਵਿਅੰਗ ਦੇ ਲਹਿਜ਼ੇ ਵਿਚ ਕਿਹਾ, “ਹਾਂ, ਸਾਰੀ ਮਦਦ ਹੀ ਸਰਕਾਰ ਕਰ ਰਹੀ ਹੈ।’’