ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਵਿਵੇਕ ਲਾਲ ਬਣੇ PGI ਚੰਡੀਗੜ੍ਹ ਦੇ ਨਵੇਂ ਡਾਇਰੈਕਟਰ 

ਏਜੰਸੀ

ਖ਼ਬਰਾਂ, ਰਾਸ਼ਟਰੀ

36 ਸੀਨੀਅਰ ਡਾਕਟਰਾਂ ਦੇ ਪੈਨਲ ਵਿਚੋਂ ਹੋਈ ਚੋਣ 

Neurologist Prof Dr Vivek Lal Takes Charge As PGI Chandigarh Director

ਪ੍ਰੋ. ਜਗਤਰਾਮ ਦੀ ਸੇਵਾਮੁਕਤੀ ਤੋਂ ਬਾਅਦ ਹੁਣ ਤੱਕ PGI ਦੇ ਐਡਵਾਂਸ ਪੀਡੀਆਟ੍ਰਿਕ ਸੈਂਟਰ ਦੇ ਮੁਖੀ ਪ੍ਰੋ. ਸੁਰਜੀਤ ਸਿੰਘ ਸੰਭਾਲ ਰਹੇ ਹਨ ਡਾਇਰੈਕਟਰ ਇੰਚਾਰਜ ਦੀ ਜ਼ਿੰਮੇਵਾਰੀ 
ਚੰਡੀਗੜ੍ਹ :
ਪੀਜੀਆਈ ਚੰਡੀਗੜ੍ਹ ਨੂੰ ਅੱਜ ਨਵਾਂ ਡਾਇਰੈਕਟਰ ਮਿਲਿਆ ਹੈ। ਪੀਜੀਆਈ ਦੇ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਵਿਵੇਕ ਲਾਲ ਨੂੰ ਪੀਜੀਆਈ ਚੰਡੀਗੜ੍ਹ ਦਾ ਨਵਾਂ ਡਾਇਰੈਕਟਰ ਬਣਾਇਆ ਗਿਆ ਹੈ।

ਭਾਰਤ ਸਰਕਾਰ ਨੇ 36 ਸੀਨੀਅਰ ਡਾਕਟਰਾਂ ਦੇ ਪੈਨਲ ਵਿੱਚੋਂ ਪ੍ਰੋ. ਵਿਵੇਕ ਲਾਲ ਦੇ ਨਾਂ 'ਤੇ ਅੰਤਿਮ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦੇਈਏ ਕਿ ਪ੍ਰੋ. ਵਿਵੇਕ ਲਾਲ ਪੀਜੀਆਈ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਹਨ। ਉਨ੍ਹਾਂ ਨੂੰ ਦੇਸ਼ ਦੇ ਮੰਨੇ-ਪ੍ਰਮੰਨੇ ਨਿਊਰੋਲੋਜਿਸਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਪ੍ਰੋ. ਜਗਤਰਾਮ ਦੀ ਸੇਵਾਮੁਕਤੀ ਤੋਂ ਬਾਅਦ ਹੁਣ ਤੱਕ ਪੀਜੀਆਈ ਦੇ ਐਡਵਾਂਸ ਪੀਡੀਆਟ੍ਰਿਕ ਸੈਂਟਰ ਦੇ ਮੁਖੀ ਪ੍ਰੋ. ਸੁਰਜੀਤ ਸਿੰਘ ਡਾਇਰੈਕਟਰ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇੰਚਾਰਜ ਵਜੋਂ ਉਨ੍ਹਾਂ ਦਾ ਛੇ ਮਹੀਨੇ ਦਾ ਕਾਰਜਕਾਲ 30 ਅਪ੍ਰੈਲ ਨੂੰ ਪੂਰਾ ਹੋ ਗਿਆ ਸੀ। ਉਸ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਮੰਤਰਾਲੇ ਵੱਲੋਂ ਕਿਸੇ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਉਸ ਸਮੇਂ ਪ੍ਰੋ. ਸੁਰਜੀਤ ਦਾ ਹੀ ਕਾਰਜਕਾਲ ਵਧਾਉਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅਗਲੇ ਡਾਇਰੈਕਟਰ ਦੇ ਨਾਂ ਦਾ ਐਲਾਨ ਘੱਟੋ-ਘੱਟ ਤਿੰਨ ਮਹੀਨਿਆਂ ਤੱਕ ਨਹੀਂ ਹੋਵੇਗਾ। ਪਰ 5 ਮਈ ਦੀ ਸ਼ਾਮ ਨੂੰ ਨਵੇਂ ਡਾਇਰੈਕਟਰ ਦੀ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।