ਪੰਜਾਬ ਵਲੋਂ ਤਜਿੰਦਰਪਾਲ ਬੱਗਾ ਨੂੰ ਹਰਿਆਣਾ ਰੱਖੇ ਜਾਣ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਲਕੇ 10 ਵਜੇ ਹਾਈ ਕੋਰਟ ਵਿਚ ਹੋਵੇਗੀ ਮਾਮਲੇ ਦੀ ਮੁੜ ਸੁਣਵਾਈ 

Pun and Haryana High Court

ਚੰਡੀਗੜ੍ਹ : ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦਿੱਲੀ ਪੁਲਿਸ ਬੱਗਾ ਨੂੰ ਲੈ ਕੇ ਦਿੱਲੀ ਪਹੁੰਚ ਗਈ ਹੈ। ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਬੱਗਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਪੰਜਾਬ ਲਿਆਂਦਾ ਜਾ ਰਿਹਾ ਸੀ। ਕੁਰੂਕਸ਼ੇਤਰ 'ਚ ਪੰਜਾਬ ਪੁਲਿਸ ਦੀ ਗੱਡੀ ਨੂੰ ਹਰਿਆਣਾ ਪੁਲਿਸ ਨੇ ਅੱਧ ਰਸਤੇ ਵਿਚ ਹੀ ਰੋਕ ਲਿਆ।

ਇਸ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮੰਗ ਕੀਤੀ ਕਿ ਤਜਿੰਦਰਪਾਲ ਬੱਗਾ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ। ਉਸ ਨੂੰ ਹਰਿਆਣਾ ਵਿਚ ਹੀ ਰੱਖਿਆ ਜਾਵੇ। ਹਾਈ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਦਿੱਲੀ ਅਤੇ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਵਿੱਚ ਹਾਈਕੋਰਟ ਨੇ ਦੋਵਾਂ ਨੂੰ ਅੱਜ ਸ਼ਾਮ ਤੱਕ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ।

ਪੰਜਾਬ ਸਰਕਾਰ ਨੇ ਹਰਿਆਣਾ ਵਲੋਂ ਪੰਜਾਬ ਪੁਲਿਸ ਨੂੰ ਗ਼ਲਤ ਤਰੀਕੇ ਨਾਲ ਰੋਕਣ ਦੀ ਗੱਲ ਕਈ ਹੈ। ਇਸ ਦੇ ਜਵਾਬ 'ਚ ਹਰਿਆਣਾ ਸਰਕਾਰ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਬੱਗਾ ਨੂੰ ਲੱਭਣ ਲਈ ਦਿੱਲੀ ਦੀ ਅਦਾਲਤ ਤੋਂ ਸਰਚ ਵਾਰੰਟ ਲਿਆ ਸੀ। ਉਸਦੇ ਸੁਨੇਹੇ ਤੋਂ ਬਾਅਦ ਹੀ ਬੱਗਾ ਅਤੇ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਵਿੱਚ ਰੋਕਿਆ ਗਿਆ। ਇਸ ਆਧਾਰ 'ਤੇ ਉਸ ਨੂੰ ਰੋਕਿਆ ਗਿਆ।

ਦਿੱਲੀ ਪੁਲਿਸ ਨੇ ਦੱਸਿਆ ਕਿ ਦਿੱਲੀ ਅਦਾਲਤ ਨੇ ਬੱਗਾ ਨੂੰ ਲੱਭਣ ਲਈ ਸਰਚ ਵਾਰੰਟ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਅਦਾਲਤ ਨੂੰ ਦੱਸਿਆ ਗਿਆ ਕਿ ਬੱਗਾ ਦਾ ਟਿਕਾਣਾ ਹਰਿਆਣਾ ਦੇ ਕੁਰੂਕਸ਼ੇਤਰ 'ਚ ਥਾਨੇਸਰ ਆ ਰਿਹਾ ਹੈ। ਉਧਰ ਹਾਈ ਕੋਰਟ ਵਿਚ ਹੁਣ ਇਸ ਮਾਮਲੇ 'ਤੇ ਅੱਜ ਸੁਣਵਾਈ ਖ਼ਤਮ ਹੋ ਗਈ ਹੈ ਅਤੇ ਹਰਿਆਣਾ ਅਤੇ ਦਿੱਲੀ ਨੂੰ ਸ਼ਾਮ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਕੱਲ ਸਵੇਰੇ 10 ਵਜੇ ਹੋਵੇਗੀ।

ਹਾਈਕੋਰਟ ਦੀ ਸੁਣਵਾਈ 'ਚ ਕਿਸ ਨੇ ਕੀ ਦਿੱਤੀ ਦਲੀਲ..?

ਦਿੱਲੀ ਪੁਲਿਸ : ਦਿੱਲੀ ਪੁਲਿਸ ਦੇ ਵਕੀਲ ਨੇ ਦੱਸਿਆ ਕਿ ਜਨਕਪੁਰੀ ਪੁਲਿਸ ਸਟੇਸ਼ਨ ਵਿੱਚ ਸਵੇਰੇ 8.30 ਵਜੇ ਅਗ਼ਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵਾਲੇ ਸਾਦੀ ਵਰਦੀ ਵਿੱਚ ਆਏ ਅਤੇ ਜ਼ਬਰਦਸਤੀ ਅੰਦਰ ਵੜ ਗਏ ਅਤੇ ਬੱਗਾ ਨੂੰ ਚੁੱਕ ਕੇ ਲੈ ਗਏ। ਪੁਲਿਸ ਨੇ ਅਗ਼ਵਾ ਦਾ ਮਾਮਲਾ ਦਰਜ ਕਰਕੇ ਦਿੱਲੀ ਦੀ ਅਦਾਲਤ ਤੋਂ ਸਰਚ ਵਾਰੰਟ ਲਿਆ ਹੈ। ਅਦਾਲਤ ਨੇ ਬੱਗਾ ਨੂੰ ਲੱਭ ਕੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਅਸੀਂ ਉਸ ਨੂੰ ਹਰਿਆਣਾ ਪੁਲਿਸ ਕੋਲ ਭੇਜ ਦਿੱਤਾ। ਜਿਸ ਤੋਂ ਬਾਅਦ ਕੁਰੂਕਸ਼ੇਤਰ 'ਚ ਸਰਚ ਵਾਰੰਟ ਜਾਰੀ ਕੀਤਾ ਗਿਆ। ਅਸੀਂ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਦਿੱਲੀ ਦੇ ਥਾਣੇ ਵਿੱਚ ਬੈਠੇ ਹਨ। ਦਿੱਲੀ ਪੁਲਿਸ ਨੂੰ ਨਹੀਂ ਪਤਾ ਕਿ ਬੱਗਾ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੰਜਾਬ ਪੁਲਿਸ: ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਬੱਗਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ ਪਟੀਸ਼ਨ 'ਤੇ ਕੋਈ ਰੋਕ ਨਹੀਂ ਲੱਗੀ। ਬੱਗਾ ਨੇ ਵੀ ਅਗਾਊਂ ਜ਼ਮਾਨਤ ਨਹੀਂ ਲਈ ਸੀ। ਅਸੀਂ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਜਾਣਬੁੱਝ ਕੇ ਰਿਕਾਰਡ ਨਹੀਂ ਕੀਤਾ ਗਿਆ। ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ 3 ਐਸਪੀ ਅਤੇ ਇੱਕ ਆਈਜੀ ਨੂੰ ਥਾਣੇ ਲੈ ਗਏ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦਿੱਲੀ ਪੁਲਿਸ  ਬੱਗਾ ਨੂੰ ਸਾਡੀ ਕਾਨੂੰਨੀ ਹਿਰਾਸਤ ਵਿੱਚੋਂ ਲੈ ਕੇ ਗਈ ਹੈ। ਹੁਣ ਪੰਜਾਬ ਪੁਲਿਸ ਦਿੱਲੀ ਅਦਾਲਤ ਵਿੱਚ ਜਾ ਕੇ ਬੱਗਾ ਸਾਡੀ ਕਾਨੂੰਨੀ ਹਿਰਾਸਤ ਵਿੱਚ ਸੀ। ਉਸ ਨੂੰ ਹਿਰਾਸਤ 'ਚ ਲੈ ਕੇ ਆਉਣਗੇ।

ਹਰਿਆਣਾ ਪੁਲਿਸ : ਹਰਿਆਣਾ ਪੁਲਿਸ ਦੇ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਬੱਗਾ ਨੂੰ ਸਾਦੇ ਕੱਪੜਿਆਂ 'ਚ ਅੱਤਵਾਦੀ ਵਾਂਗ ਫੜਿਆ ਗਿਆ ਸੀ। ਦਿੱਲੀ ਪੁਲਿਸ ਵੱਲੋਂ ਭੇਜੇ ਗਏ ਸਰਚ ਵਾਰੰਟ ਨੂੰ ਲਾਗੂ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਹਾਈਕੋਰਟ ਵਿੱਚ ਕਿਤੇ ਵੀ ਇਹ ਨਹੀਂ ਦੱਸ ਸਕੀ ਕਿ ਉਹ ਦਿੱਲੀ ਗਏ, ਤਾਂ ਇਸ ਬਾਰੇ ਦਿੱਲੀ ਪੁਲਿਸ ਨੂੰ ਸੂਚਨਾ ਕਿਵੇਂ ਦਿੱਤੀ ਗਈ? ਉਸ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਹਿਰਾਸਤ ਵਿੱਚ ਨਹੀਂ ਲਿਆ।